Punjab Government School Closed: ਰਿਪੋਰਟ ਮੁਤਾਬਿਕ ਸਾਲ 2014-15 ’ਚ ਪੰਜਾਬ ਵਿਚ 20,772 ਸਰਕਾਰੀ ਸਕੂਲ ਸਨ। ਇਹ ਗਿਣਤੀ ਸਾਲ 2023-24 ਵਿੱਚ 19,242 ਰਹਿ ਗਈ। ਅਕਾਲੀ-ਭਾਜਪਾ ਸਰਕਾਰ ਵੇਲੇ ਆਖ਼ਰੀ ਤਿੰਨ ਸਾਲਾਂ (2014-15 ਤੋਂ 2016-17 ਤੱਕ) ਵਿੱਚ 204 ਸਰਕਾਰੀ ਸਕੂਲ ਬੰਦ/ਮਰਜ਼ ਹੋਏ ਸਨ।
Trending Photos
Punjab Government School Closed(ਕਮਲਦੀਪ ਸਿੰਘ): ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਦੇਸ਼ਭਰ ਦੇ ਸੂਬਿਆਂ ਵਿੱਚ ਚੱਲ ਰਹੇ ਸਰਕਾਰ ਅਤੇ ਪ੍ਰਾਈਵੇਟ ਸਕੂਲਾਂ ਬਾਰੇ ਆਂਕੜੇ ਜਾਰੀ ਕੀਤੇ ਗਏ ਹਨ। ਰਿਪੋਰਟ ਮੁਤਾਬਿਕ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਸੂਬੇ ’ਚ ਸਰਕਾਰੀ ਸਕੂਲਾਂ ਬੰਦ ਹੋਏ ਹਨ ਜਦੋਂਕਿ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਰਿਪੋਰਟ ਮੁਤਾਬਿਕ ਪਿਛਲੇ 10 ਸਾਲਾ ਵਿੱਚ ਪੰਜਾਬ ’ਚ ਸਾਲਾਨਾ ਔਸਤਨ 153 ਸਰਕਾਰੀ ਸਕੂਲ ਬੰਦ ਜਾਂ ਮਰਜ਼ ਹੋ ਰਹੇ ਹਨ। ਕਰੋਨਾ ਮਹਾਂਮਾਰੀ ਦੌਰਾਨ ਪ੍ਰਾਈਵੇਟ ਸਕੂਲ ਵੀ ਬੰਦ ਹੋਏ ਸਨ। ਕੇਂਦਰੀ ਸਿੱਖਿਆ ਮੰਤਰਾਲੇ ਦੇ ਵੇਰਵੇ ਹਨ ਕਿ ਪੰਜਾਬ ’ਚ ਸਾਲ 2014-15 ਤੋਂ ਲੈ ਕੇ 2023-24 ਤੱਕ 1530 ਸਰਕਾਰੀ ਸਕੂਲ ਬੰਦ/ਮਰਜ਼ ਹੋਏ ਹਨ ਜਦੋਂਕਿ ਇਨ੍ਹਾਂ 10 ਸਾਲਾਂ ਦੇ ਦੌਰਾਨ 309 ਪ੍ਰਾਈਵੇਟ ਸਕੂਲ ਵਧੇ ਹਨ।
ਰਿਪੋਰਟ ਮੁਤਾਬਿਕ ਸਾਲ 2014-15 ’ਚ ਪੰਜਾਬ ਵਿਚ 20,772 ਸਰਕਾਰੀ ਸਕੂਲ ਸਨ। ਇਹ ਗਿਣਤੀ ਸਾਲ 2023-24 ਵਿੱਚ 19,242 ਰਹਿ ਗਈ। ਅਕਾਲੀ-ਭਾਜਪਾ ਸਰਕਾਰ ਵੇਲੇ ਆਖ਼ਰੀ ਤਿੰਨ ਸਾਲਾਂ (2014-15 ਤੋਂ 2016-17 ਤੱਕ) ਵਿੱਚ 204 ਸਰਕਾਰੀ ਸਕੂਲ ਬੰਦ/ਮਰਜ਼ ਹੋਏ ਸਨ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵਿੱਚ 1309 ਸਰਕਾਰੀ ਸਕੂਲ ਬੰਦ/ਮਰਜ਼ ਸਨ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਦੋ ਸਾਲਾਂ ’ਚ 17 ਸਰਕਾਰੀ ਸਕੂਲ ਬੰਦ/ਮਰਜ਼ ਹੋਏ ਹਨ।
ਦੂਜੇ ਪਾਸੇ, ਸਾਲ 2014-15 ’ਚ 7395 ਪ੍ਰਾਈਵੇਟ ਸਕੂਲ ਸਨ। ਇਨ੍ਹਾਂ ਦੀ ਗਿਣਤੀ 2023-24 ’ਚ 7704 ਹੋ ਗਈ। ਸਾਲ 2020-21 ’ਚ 8893 ਪ੍ਰਾਈਵੇਟ ਸਕੂਲ ਸਨ ਅਤੇ ਕਰੋਨਾ ਕਾਲ ਦੇ ਅਗਲੇ ਸਾਲ 2021-22 ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘੱਟ ਕੇ 7978 ਰਹਿ ਗਈ। ਜਿਸ ਤੋਂ ਭਾਵ ਹੈ ਕਿ 1 ਸਾਲ ’ਚ 914 ਪ੍ਰਾਈਵੇਟ ਸਕੂਲ ਬੰਦ/ਮਰਜ਼ ਹੋ ਗਏ।
ਸੂਬੇ ’ਚ ਸਾਲ 2023-24 ’ਚ ਸਰਕਾਰੀ ਸਕੂਲਾਂ ’ਚ ਸਿਰਫ਼ 47.14 ਫ਼ੀਸਦੀ ਬੱਚੇ ਹੀ ਪੜ੍ਹਦੇ ਸਨ ਜਦੋਂਕਿ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਰਹੀ। ਮੌਜੂਦਾ ਸਮੇਂ ਸਰਕਾਰੀ ਸਕੂਲਾਂ ਦਾ ਅੰਕੜਾ 19,242 ਹੈ ਜਦੋਂਕਿ ਪ੍ਰਾਈਵੇਟ ਸਕੂਲਾਂ ਦੀ ਗਿਣਤੀ 7704 ਹੈ। ਪ੍ਰਾਈਵੇਟ ਸਕੂਲਾਂ ਦੀ ਗਿਣਤੀ ਘੱਟ ਹੈ ਪਰ ਇਨ੍ਹਾਂ ’ਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।
ਪੰਜਾਬ ’ਚ ਸਰਕਾਰੀ ਤੇ ਪ੍ਰਾਈਵੇਟ ਸਮੇਤ ਏਡਿਡ ਸਕੂਲਾਂ ਦੀ ਕੁੱਲ ਗਿਣਤੀ 27,404 ਹੈ। ਇਨ੍ਹਾਂ ’ਚ ਕੁੱਲ 2.73 ਲੱਖ ਅਧਿਆਪਕ ਤਾਇਨਾਤ ਹਨ। ਇਨ੍ਹਾਂ ਵਿੱਚ 59.88 ਲੱਖ ਬੱਚੇ ਪੜ੍ਹਦੇ ਹਨ। ਇਨ੍ਹਾਂ ’ਚੋਂ 28.33 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਸਰਕਾਰੀ ਸਕੂਲਾਂ ’ਚ ਕੁੱਲ 1,25,136 ਅਧਿਆਪਕ ਹਨ। ਸਰਕਾਰੀ ਰਿਪੋਰਟ ਅਨੁਸਾਰ ਸੂਬੇ ਦੇ 2092 ਸਕੂਲਾਂ ’ਚ ਸਿਰਫ਼ ਇੱਕ-ਇੱਕ ਅਧਿਆਪਕ ਹੀ ਹੈ।