Sultanpur News: ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ।
Trending Photos
Sultanpur News (ਚੰਦਰ ਮੜੀਆ): ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਪਣੇ ਦਫਤਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਵਿੱਚ ਰਿਸ਼ਵਤ ਦਾ ਬੋਲਬਾਲਾ ਸਿਖਰਾਂ ਉਤੇ ਹੈ ਜਿਸ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈ।
ਉਨ੍ਹਾਂ ਨੇ ਸਿਆਸੀ ਵਾਰ ਕਰਦੇ ਹੋਏ ਕਿਹਾ ਹੁਣ ਵਾਲਾ ਤਾਂ ਪੁਰਾਣੇ ਵਾਲਿਆਂ ਦਾ ਵੀ ਪਿਓ ਨਿਕਲਿਆ ਹੈ ਅਤੇ ਸਿੱਧਾ ਇੱਕ ਇੱਕ ਲੱਖ ਰੁਪਏ ਦੀ ਰਿਸ਼ਵਤ ਅਧਿਕਾਰੀਆਂ ਤੋਂ ਲੈ ਰਿਹਾ ਹੈ ਅਤੇ ਉਸ ਦੇ ਪੀਏ ਹਫ਼ਤਾ ਵਸੂਲੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਬੀਡੀਪੀਓ ਵੀ ਬੇਖੌਫ ਹੋ ਕੇ ਰਿਸ਼ਵਤ ਲੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਵਾਟਾਂਵਾਲੀ ਦੇ ਸਰਪੰਚ ਤੋਂ ਵੀ ਉਸਨੇ 2 ਲੱਖ ਰੁਪਏ ਦੀ ਕਥਿਤ ਤੌਰ ਉਤੇ ਰਿਸ਼ਵਤ ਲਈ ਹੈ।
ਉਨ੍ਹਾਂ ਨੇ ਸਰਕਾਰ ਤੋਂ ਇਸ ਬੀਡੀਪੀਓ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ ਦੌਰਾਨ ਉਨ੍ਹਾਂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਲਗਾਏ ਗਏ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਵਿਧਾਇਕ ਦੇ ਦੋਸ਼ਾਂ ਵਿੱਚ ਕੋਈ ਸੱਚਾਈ ਹੈ ਤਾਂ ਉਹ ਮੇਰੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 11 ਫਰਵਰੀ ਨੂੰ ਨਤਮਸਤਕ ਹੋ ਕੇ ਸਹੁੰ ਖਾਣ ਅਤੇ ਜਿੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਰਾਣਾ ਸਿਰਫ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗਾ ਹੋਇਆ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਅਧਿਕਾਰੀ ਕੋਲ ਇੱਕ ਰੁਪਏ ਦੀ ਵੀ ਰਿਸ਼ਵਤ ਨਹੀਂ ਲਈ ਹੈ ਤੇ ਮੇਰਾ ਅਤੀਤ ਵੀ ਇਸ ਦੀ ਅਗਵਾਈ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਵੱਲੋਂ ਹਲਕੇ ਵਿੱਚ ਰਿਸ਼ਵਤ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਪੂਰੇ ਮਾਮਲੇ ਮਗਰੋਂ ਸੁਲਤਾਨਪੁਰ ਲੋਧੀ ਦੇ ਬੀਡੀਪੀਓ ਅਵਤਾਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਕਿਸੇ ਵੀ ਸਰਪੰਚ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਗਈ ਅਤੇ ਨਾ ਹੀ ਉਨ੍ਹਾਂ ਵੱਲੋਂ ਕਦੀ ਕਿਸੇ ਕਿਸਮ ਦੀ ਕੋਈ ਧਾਂਦਲੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਲਜ਼ਾਮ ਉਨ੍ਹਾਂ ਉੱਪਰ ਲੱਗੇ ਨੇ ਸਭ ਬੇਬੁਨਿਆਦ ਹਨ।