Jagraon: ਜਗਰਾਓਂ ਦੀ ਮੁਸਕਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਪਣੇ ਘਰ ਪਰਤੀ। ਉਸ ਨੇ ਮੀਡੀਆ ਸਾਹਮਣੇ ਸਰਕਾਰਾਂ ਉਪਰ ਆਪਣੀ ਭੜਾਸ ਕੱਢੀ।
Trending Photos
Jagraon (ਰਜਨੀਸ਼ ਬਾਂਸਲ): ਅਮਰੀਕਾ ਤੋਂ ਵਾਪਸ ਭੇਜੇ ਗਏ ਪੰਜਾਬੀਆਂ ਵਿੱਚ ਜਗਰਾਓਂ ਦੀ 21 ਸਾਲ ਦੀ ਮੁਸਕਾਨ ਵੀ ਆਪਣੇ ਘਰ ਵਾਪਸ ਪਹੁੰਚ ਗਈ ਹੈ ਤੇ ਉਸਦੇ ਘਰ ਵਿੱਚ ਉਸਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਸਦੇ ਮਾਤਾ ਪਿਤਾ ਵੀ ਟਰੰਪ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਬਹੁਤ ਦੁਖੀ ਹਨ ਤੇ ਮੁਸਕਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸਦੇ ਅਜੇ ਵੀ ਦੋ ਸਾਲ ਦਾ ਇੰਗਲੈਂਡ ਦਾ ਵੀਜ਼ਾ ਬਾਕੀ ਹੈ ਤੇ ਉਸਨੂੰ ਉਸਦੇ ਵੀਜ਼ੇ ਦੇ ਚੱਲਦਿਆਂ ਇੰਗਲੈਂਡ ਪੜ੍ਹਾਈ ਪੂਰੀ ਕਰਵਾਉਣ ਵਿੱਚ ਮਦਦ ਕੀਤੀ ਜਾਵੇ।
ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਪਰਿਵਾਰ ਨੂੰ ਦਿਲਾਸਾ ਦਿੱਤਾ। ਜਗਰਾਓਂ ਪਹੁੰਚੀ ਮੁਸਕਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਜਨਵਰੀ 2024 ਨੂੰ ਉਹ ਇੰਗਲੈਂਡ ਤਿੰਨ ਸਾਲ ਦੇ ਸਟੱਡੀ ਵੀਜ਼ਾ ਉਤੇ ਗਈ ਸੀ ਅਤੇ ਅਜੇ ਵੀ ਉਸਦੇ ਕੋਲ ਦੋ ਸਾਲ ਸਟੱਡੀ ਵੀਜ਼ਾ ਬਾਕੀ ਹੈ। ਉਹ ਆਪਣੀਆਂ ਸਹੇਲੀਆਂ ਨਾਲ 45-50 ਲੋਕਾਂ ਸਮੇਤ ਇੰਗਲੈਂਡ ਅਮਰੀਕਾ ਬਾਰਡਰ ਉਤੇ ਘੁੰਮਣ ਗਈ ਸੀ ਤਾਂ ਕੈਲੀਫੋਰਨੀਆ ਪੁਲਿਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਬੱਸ ਵਿੱਚ ਬਿਠਾਇਆ ਤੇ ਉਨ੍ਹਾਂ ਨੂੰ ਖਾਣ ਪੀਣ ਲਈ ਸਨੈਕਸ ਵੀ ਦਿੱਤੇ।
ਪਰ ਉਸ ਸਮੇਂ ਉਹ ਸਾਰੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਸਾਰਿਆਂ ਨੂੰ ਇੰਡੀਆ ਵਾਲੇ ਜਹਾਜ਼ ਵਿਚ ਬਿਠਾ ਕੇ ਭਾਰਤ ਭੇਜ ਦਿੱਤਾ ਗਿਆ। ਉਸ ਨੇ ਇਹ ਵੀ ਕਿਹਾ ਕਿ ਅਜਿਹੇ ਮੌਕੇ ਇਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦਾ ਹੱਥ ਫੜਨਾ ਚਾਹੀਦਾ ਹੈ ਤਾਂ ਜੋਂ ਉਨ੍ਹਾਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚ ਸਕੇ।
ਇਸ ਮੌਕੇ ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਕੋਲੋਂ ਆਪਣੇ ਬੱਚੇ ਨਾਲ ਹੋਈ ਇਸ ਧੱਕੇਸ਼ਾਹੀ ਤੋਂ ਬਾਅਦ ਬੋਲਿਆ ਵੀ ਨਹੀਂ ਜਾ ਰਿਹਾ ਸੀ ਪਰ ਫਿਰ ਵੀ ਉਸਨੇ ਕਿਹਾ ਕਿ ਉਸਨੇ ਆਪਣੇ ਬੱਚੀ ਦੇ ਉੱਜਵਲ ਭਵਿੱਖ ਨੂੰ ਲੈ ਕੇ ਆਪਣੀ ਕੀਤੀ ਮਿਹਨਤ ਨਾਲ ਕਮਾਏ ਪੈਸਿਆਂ ਦੇ ਨਾਲ ਨਾਲ 45 ਲੱਖ ਦਾ ਕਰਜ਼ਾ ਲੈ ਕੇ ਇੰਗਲੈਂਡ ਭੇਜਿਆ ਸੀ।
ਉਨ੍ਹਾਂ ਨੇ ਇਹ ਸੋਚਿਆ ਸੀ ਕਿ ਇਸ ਬੇਟੀ ਨੂੰ ਇੰਗਲੈਂਡ ਭੇਜਣ ਤੋਂ ਬਾਅਦ ਉਸ ਦੀਆਂ ਹੋਰ ਤਿੰਨ ਬੇਟੀਆਂ ਦਾ ਭਵਿੱਖ ਵੀ ਬਣ ਜਾਵੇਗਾ। ਉਹ ਮੌਕੇ ਦੀਆਂ ਸਰਕਾਰਾਂ ਨੂੰ ਇਸ ਮੌਕੇ ਮਦਦ ਦੀ ਅਪੀਲ ਵੀ ਕਰਦੇ ਹਨ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵੀ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਹਨ ਤੇ ਇਸ ਬੱਚੀ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਜਾਣਗੇ ਤੇ ਜੋ ਵੀ ਮਦਦ ਇਸ ਪਰਿਵਾਰ ਲਈ ਬਣ ਪਾਏਗੀ, ਉਹ ਜ਼ਰੂਰ ਕਰਵਾਉਣਗੇ।