World Cancer Day 2025: ਕੈਂਸਰ ਨੂੰ ਮਾਤ ਦੇ ਚੁੱਕੀ ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਭਾਰਤ ਵਿੱਚ ਨਾਮੁਰਾਦ ਬਿਮਾਰੀ ਦੇ ਇਲਾਜ ਵਿੱਚ ਹੋਰ ਸੁਧਾਰ ਉਤੇ ਜ਼ੋਰ ਦਿੱਤਾ ਹੈ।
Trending Photos
World Cancer Day 2025: ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕੈਂਸਰ ਨੂੰ ਮਾਤ ਦੇ ਕੇ ਇਸ ਨਾਮੁਰਾਦ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦਾ ਬੀੜਾ ਚੁੱਕਿਆ ਹੈ। ਇਸ ਦੌਰਾਨ ਉਸ ਨੇ ਭਾਰਤੀ ਵਿੱਚ ਕੈਂਸਰ ਦੇ ਇਲਾਜ ਵਿੱਚ ਹੋਰ ਸੁਧਾਰ ਉਤੇ ਜ਼ੋਰ ਦਿੱਤਾ। ਮਨੀਸ਼ਾ ਕੋਇਰਾਲਾ ਜਿਸਨੇ ਤਿੰਨ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ 2015 ਵਿੱਚ ਇਸ ਨੂੰ ਮਾਤ ਦੇ ਕੇ ਤੰਦਰੁਸਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਇਸਦੇ ਇਲਾਜ ਬਾਰੇ ਜਾਗਰੂਕਤਾ ਫੈਲਾਉਣ ਦਾ ਅਹਿਦ ਲਿਆ।
ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਿਲ ਸੇ ਅਦਾਕਾਰਾ ਨੇ ਕੈਂਸਰ ਦੇ ਇਲਾਜ ਨੂੰ ਅਣਕਿਆਸਾ ਕਰਾਰ ਦਿੱਤਾ। ਵਿਸ਼ਵ ਕੈਂਸਰ ਦਿਵਸ 2025 ਦੇ ਮੌਕੇ 'ਤੇ, ਕੈਂਸਰ ਸਰਵਾਈਵਰ ਮਨੀਸ਼ਾ ਕੋਇਰਾਲਾ ਨੇ ਉਸ ਦਰਦ ਬਾਰੇ ਗੱਲ ਕੀਤੀ ਜੋ ਕੈਂਸਰ ਮਰੀਜ਼ ਦੇ ਹਰੇਕ ਪਰਿਵਾਰਕ ਮੈਂਬਰ ਨੂੰ ਇਲਾਜ ਦੌਰਾਨ ਹੁੰਦਾ ਹੈ। ਉਸ ਅਨੁਸਾਰ ਪਰਿਵਾਰ ਦੇ ਮੈਂਬਰ ਨਾ ਸਿਰਫ਼ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੰਦੇ ਹਨ ਬਲਕਿ ਸਭ ਕੁਝ ਗੁਆ ਦਿੰਦੇ ਹਨ। ਮਨੀਸ਼ਾ ਕੋਇਰਾਲਾ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਿਖੇ ਇਮਪੈਕਟ ਫਾਊਂਡੇਸ਼ਨ ਦਾ ਹਿੱਸਾ ਹੈ। ਉਹ ਕੈਂਸਰ ਬਾਰੇ ਜਾਗਰੂਕਤਾ ਫੈਲਾਉਂਦੀ ਹੈ ਤੇ ਲੋਕਾਂ ਨੂੰ ਬਿਹਤਰ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ।
ਉਸ ਨੇ ਦੱਸਿਆ, "ਸਾਨੂੰ ਵਿੱਤੀ ਤੌਰ 'ਤੇ ਕਮਜ਼ੋਰ ਮਰੀਜ਼ਾਂ ਦੀ ਸਹਾਇਤਾ ਲਈ ਹੋਰ ਕੈਂਸਰ ਫੰਡ, ਬੀਮਾ ਯੋਜਨਾਵਾਂ ਅਤੇ ਸਰਕਾਰ ਵੱਲੋਂ ਪਹਿਲਕਦਮੀਆਂ ਦੀ ਲੋੜ ਹੈ।" ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਲਾਜ ਲਈ ਪੈਸੇ ਦਾ ਪ੍ਰਬੰਧ ਕਰਨ ਵੇਲੇ ਪਰਿਵਾਰ ਨੂੰ ਕਿਵੇਂ ਦੁੱਖ ਝੱਲਣਾ ਪੈਂਦਾ ਹੈ। ਮਨੀਸ਼ਾ ਨੇ ਕਿਹਾ, "ਕੈਂਸਰ ਦਾ ਇਲਾਜ ਅਣਕਿਆਸਾ ਇਸਦੀ ਕੋਈ ਗਰੰਟੀ ਨਹੀਂ ਹੈ।" ਪਰਿਵਾਰ ਨਾ ਸਿਰਫ਼ ਆਪਣੇ ਅਜ਼ੀਜ਼ਾਂ ਨੂੰ ਗੁਆਉਂਦੇ ਹਨ ਸਗੋਂ ਕਈ ਵਾਰ ਪਿੱਛੇ ਕੁਝ ਵੀ ਨਹੀ ਬਚਦਾ।”
ਕੈਂਸਰ ਦੇ ਮਰੀਜ਼ ਕੀ ਚਾਹੁੰਦੇ ਹਨ?
ਕੋਇਰਾਲਾ ਅਨੁਸਾਰ ਕੈਂਸਰ ਦੇ ਮਰੀਜ਼ਾਂ ਨੂੰ ਨਾ ਸਿਰਫ਼ ਵਿੱਤੀ ਮਦਦ ਦੀ ਲੋੜ ਹੁੰਦੀ ਹੈ, ਸਗੋਂ ਮਨੋਵਿਗਿਆਨਕ ਅਤੇ ਭਾਵਨਾਤਮਕ ਸਹਾਇਤਾ ਦੀ ਵੀ ਲੋੜ ਹੁੰਦੀ ਹੈ। ਹੀਰਾਮੰਡੀ ਅਦਾਕਾਰਾ ਨੇ ਕਿਹਾ, “ਲੋਕਾਂ ਨੂੰ ਆਪਣੇ ਅਜ਼ੀਜ਼ ਨੂੰ ਗੁਆਉਣ ਦੇ ਦੁੱਖ ਨਾਲ ਸਿੱਝਣ ਲਈ ਮਾਰਗਦਰਸ਼ਨ, ਸਲਾਹ ਅਤੇ ਇੱਕ ਸਹਾਇਤਾ ਪ੍ਰਣਾਲੀ ਦੀ ਲੋੜ ਹੁੰਦੀ ਹੈ। ਸਾਨੂੰ ਸਰੀਰ, ਮਨ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਕੇ ਕੈਂਸਰ ਨੂੰ ਰੋਕਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਗੈਰ-ਸਿਹਤਮੰਦ ਖੁਰਾਕ, ਪ੍ਰਦੂਸ਼ਣ, ਰਸਾਇਣ ਅਤੇ ਰੇਡੀਏਸ਼ਨ ਐਕਸਪੋਜਰ ਵਧ ਰਹੇ ਮਾਮਲਿਆਂ ਵਿੱਚ ਯੋਗਦਾਨ ਪਾ ਰਹੇ ਹਨ। ਸਰਕਾਰੀ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮਾਂ ਨੂੰ ਬਚਾਅ ਦੀ ਪਹਿਲੀ ਲਾਈਨ ਵਜੋਂ ਇੱਕ ਸਿਹਤਮੰਦ ਜੀਵਨ ਸ਼ੈਲੀ 'ਤੇ ਜ਼ੋਰ ਦੇਣਾ ਚਾਹੀਦਾ ਹੈ।” ਮਨੀਸ਼ਾ ਆਪਣੇ ਕੈਂਸਰ ਦੇ ਇਲਾਜ ਲਈ ਸੰਯੁਕਤ ਰਾਜ ਅਮਰੀਕਾ ਚਲੀ ਗਈ ਸੀ। ਠੀਕ ਹੋਣ ਤੋਂ ਬਾਅਦ, ਉਸਨੇ ਫਿਲਮਾਂ ਅਤੇ OTT ਸ਼ੋਅ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੀਰਾਮੰਡੀ ਵਿੱਚ ਉਸਦਾ ਪ੍ਰਦਰਸ਼ਨ ਸਾਰਿਆਂ ਦੁਆਰਾ ਪਸੰਦ ਕੀਤਾ ਗਿਆ ਸੀ।