ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਪੁੱਡਾ ਪਾਰਕ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ। ਆਵਾਰਾ ਪਸ਼ੂਆਂ ਦਾ ਰੈਣ ਬਸੇਰਾ ਪਾਰਕ ਬਣਿਆ ਹੋਇਆ ਹੈ ਪਾਰਕ ਵਿਚ ਗੰਦਗੀ ਦੀ ਭਰਮਾਰ ਲੱਗੀ ਹੋਈ ਹੈ। ਐਸ. ਡੀ. ਐਮ. ਆਨੰਦਪੁਰ ਸਾਹਿਬ ਦਾ ਕਹਿਣਾ ਟੂਰਿਜ਼ਮ ਵਿਭਾਗ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਜਾਵੇਗਾ।
Trending Photos
ਬਿਮਲ ਸ਼ਰਮਾ/ ਅਨੰਦਪੁਰ ਸਾਹਿਬ: ਕੇਂਦਰ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਲਈ ਕਰੋੜ ਰੁਪਏ ਜਾਰੀ ਕੀਤੇ ਗਏ ਸਨ ਜਿਸ ਤਹਿਤ ਸ੍ਰੀ ਆਨੰਦਪੁਰ ਸਾਹਿਬ 29 ਕਰੋੜ ਰੁਪਏ ਜਾਰੀ ਕੀਤੇ ਗਏ। ਸੁੰਦਰੀਕਰਨ ਦੇ ਨਾਮ 'ਤੇ ਪਿਛਲੀ ਸਰਕਾਰ ਦੇ ਸਮੇਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਜਾਂਦੇ ਰਾਸਤੇ ਵਿਚ ਇਕ ਪਾਰਕ ਬਣਾਇਆ ਜਾ ਰਿਹਾ ਸੀ ਮਗਰ ਸਰਕਾਰ ਬਦਲਣ ਤੋਂ ਬਾਅਦ ਇਸ ਦਾ ਕੰਮ ਅਧੂਰਾ ਪਿਆ ਹੈ। ਪਾਰਕ ਦੇ ਲਈ ਘਟੀਆ ਕਿਸਮ ਦਾ ਮਟੀਰੀਅਲ ਵੀ ਇਸਤੇਮਾਲ ਕੀਤਾ ਗਿਆ ਲਗਦਾ ਹੈ ਕਿਉਂਕਿ ਪਾਰਕ ਦੇ ਰਸਤੇ ਵਿਚ ਬਣਾਈਆਂ ਗਈਆਂ ਜਾਲੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਆਵਾਰਾ ਪਸ਼ੂਆਂ ਦਾ ਰੈਣ ਬਸੇਰਾ ਬਣ ਚੁੱਕੇ ਇਸ ਪਾਰਕ ਵਿਚ ਉਨ੍ਹਾਂ ਵੱਲੋਂ ਫੈਲਾਈ ਗੰਦਗੀ ਸਾਫ਼ ਦੇਖੀ ਜਾ ਸਕਦੀ ਹੈ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਜਾਂਦੇ ਰਾਸਤੇ ਵਿੱਚ ਪੁੱਡਾ ਵੱਲੋਂ ਇਕ ਬਹੁਤ ਵਧੀਆ ਪਾਰਕ ਖਾਲਸੇ ਦੇ 300 ਸਾਲਾ ਸਿਰਜਣਾ ਦਿਵਸ ਮੌਕੇ 1999 ਵਿਚ ਬਣਾਇਆ ਗਿਆ ਸੀ ਵਧੀਆ ਹਾਲਤ ਵਿਚ ਪਾਰਕ ਨੂੰ ਪੁੱਟ ਕੇ ਨਵੀਨੀਕਰਨ ਦੇ ਨਾਮ ਤੇ ਕਰੋੜਾਂ ਰੁਪਏ ਫੂਕ ਦਿੱਤੇ ਗਏ। ਲਗਭਗ ਪਿਛਲੇ 2 ਸਾਲ ਤੋਂ ਪਾਰਕ ਦੀ ਹਾਲਤ ਬਦ ਤੋਂ ਵੀ ਬਦਤਰ ਹੋਈ ਪਈ ਹੈ ਤੇ ਹੁਣ ਇਸ ਪਾਰਕ ਵਿੱਚ ਨਾ ਤਾਂ ਬੱਚਿਆਂ ਦੀ ਚਹਿਚਹਾਅਟ ਸੁਣਾਈ ਦਿੰਦੀ ਹੈ ਤੇ ਨਾ ਹੀ ਕੋਈ ਬਜ਼ੁਰਗ ਸੈਰ ਕਰਨ ਆਉਂਦਾ ਹੈ। ਪੁੱਡਾ ਪਾਰਕ ਵਿਚ ਘੱਟ ਤੋਂ ਘੱਟ 150 ਬੰਦਿਆਂ ਦੇ ਬੈਠਣ ਦਾ ਇੰਤਜਾਮ ਸੀ ਤੇ ਪੱਥਰ ਨਾਲ ਬਣੀਆਂ ਕੁਰਸੀਆਂ ਲਗਾਈਆਂ ਗਈਆਂ ਸਨ। ਹਜ਼ਾਰਾਂ ਰੁਪਏ ਕੀਮਤ ਦੀਆਂ ਉਹ ਕੁਰਸੀਆਂ ਕਿੱਥੇ ਗਈਆਂ ਕਿਸੇ ਨੂੰ ਨਹੀਂ ਪਤਾ, ਪ੍ਰਾਪਤ ਜਾਣਕਾਰੀ ਅਨੁਸਾਰ ਠੇਕੇਦਾਰ ਵੱਲੋਂ ਪਾਰਕ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ।
ਅਸਲੀਅਤ ਕੁੱਝ ਹੋਰ ਹੀ ਹੈ, ਜਦੋਂ ਵੀ ਨਵੀਂ ਸਰਕਾਰ ਬਣੀ ਹੈ ਪਾਰਕ ਦਾ ਕੰਮ ਉਦੋਂ ਤੋਂ ਹੀ ਬੰਦ ਪਿਆ ਹੈ ਤੇ ਪਿਛਲੇ ਲਗਭਗ 5 ਮਹੀਨਿਆਂ ਤੋਂ ਪਾਰਕ ਵਿਚ ਇਕ ਵੀ ਇੱਟ ਨਵੀਂ ਨਹੀਂ ਲਗਾਈ ਗਈ। ਪਾਰਕ ਦੀ ਬਾਊਂਡਰੀ ਵਾਲ ਨਕਸ਼ੇ ਅਨੁਸਾਰ ਨਵੀਂ ਬਣਾਈ ਜਾਣੀ ਸੀ ਤੇ ਬਾਊਂਡਰੀ ਵਾਲ ਉਤੇ ਗਰਿਲਾਂ ਲਗਾਈਆਂ ਜਾਣੀਆਂ ਸਨ ਪ੍ਰੰਤੂ ਠੇਕੇਦਾਰ ਵਲੋਂ ਪੱਥਰਾਂ ਦੀ ਬਣੀ ਪੁਰਾਣੀ ਬਾਊਂਡਰੀ ਵਾਲ ਉਤੇ ਹੀ ਦੋ ਦੋ ਰਦੇ ਇੱਟਾਂ ਦੇ ਲਗਾ ਕੇ ਪਲੱਸਤਰ ਕਰ ਦਿੱਤਾ ਗਿਆ ਤੇ ਨਵੀਂ ਬਾਊਂਡਰੀ ਵਾਲ ਬਣਾਈ ਹੀ ਨਹੀਂ ਗਈ। ਪਾਰਕ ਵਿਚ ਪਹਿਲਾਂ ਰੰਗ ਬਿਰੰਗੀਆਂ ਲਾਈਟਾਂ ਲੱਗੀਆਂ ਹੋਈਆਂ ਖੂਬਸੂਰਤ ਨਜ਼ਾਰਾ ਪੇਸ਼ ਕਰਦੀਆਂ ਸਨ ਉਖਾੜ ਦਿੱਤੀਆਂ ਗਈਆਂ। ਉਹ ਸਾਰਾ ਮਟੀਰੀਅਲ ਕਿੱਥੇ ਗਿਆ ਕਿਸੇ ਨੂੰ ਨਹੀਂ ਪਤਾ, ਪਾਰਕ ਵਿੱਚ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣੀਆਂ ਸਨ, ਪ੍ਰੰਤੂ ਅਜੇ ਤੱਕ ਲਾਈਟਾਂ ਲਗਾਉਣ ਦਾ ਕੰਮ ਅਰੰਭ ਹੀ ਨਹੀਂ ਕੀਤਾ ਗਿਆ।
ਪਾਰਕ ਦੇ ਤਿੰਨ ਗੇਟ ਨਕਸ਼ੇ ਵਿਚ ਵਿਖਾਏ ਗਏ ਹਨ ਪ੍ਰੰਤੂ ਅਜੇ ਤੱਕ ਕੋਈ ਗੇਟ ਨਹੀਂ ਬਣਾਇਆ ਗਿਆ, ਜਿਸ ਕਾਰਨ ਆਵਾਰਾ ਪਸ਼ੂ ਪਾਰਕ ਵਿਚ ਦਾਖਲ ਹੋ ਕੇ ਗੰਦਗੀ ਖਿਲਾਰਦੇ ਆਮ ਵਿਖਾਈ ਦੇ ਜਾਂਦੇ ਹਨ। ਜਿਸ ਕਾਰਨ ਵਿਚ ਕੋਈ ਬੰਦਾ ਵੜਦਾ ਹੀ ਨਹੀਂ , ਪਾਰਕ ਵਿੱਚ ਲਾਲ ਪੱਥਰ ਲਗਾਉਣ ਦੀਆਂ ਗੱਲਾਂ ਆਮ ਹੁੰਦੀਆਂ ਸੁਣਾਈ ਦਿੰਦੀਆਂ ਸਨ। ਪ੍ਰੰਤੂ ਹੁਣ ਘਟੀਆ ਕਿਸਮ ਦੀਆਂ ਚਿੱਟੀਆਂ ਟਾਈਲਾਂ ਲਗਾ ਕੇ ਹੀ ਬੁੱਤਾ ਸਾਰ ਲਿਆ ਗਿਆ ਹੈ, ਕੋਈ ਫੁੱਲ ਬੂਟਾ ਨਹੀਂ ਲਗਾਇਆ ਗਿਆ। ਸ਼ਹਿਰਵਾਸੀਆਂ ਵੱਲੋਂ ਮਾਨਯੋਗ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਰਕ ਤੇ ਲੱਗੇ ਕਰੋੜਾਂ ਰੁਪਇਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ।
ਕੀ ਕਹਿਣਾ ਹੈ ਐਸ.ਡੀ.ਐਮ ਦਾ
ਇਸ ਬਾਰੇ ਜਦੋਂ ਐਸ. ਡੀ. ਐਮ. ਸ੍ਰੀ ਆਨੰਦਪੁਰ ਸਾਹਿਬ ਮਨੀਸ਼ਾ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਕੰਮ ਦਸੰਬਰ ਮਹੀਨੇ ਤੱਕ ਮੁਕੰਮਲ ਕੀਤਾ ਜਾਣਾ ਸੀ , ਕੰਮ ਕਿਉਂ ਸ਼ੁਰੂ ਨਹੀਂ ਹੋਇਆ। ਇਸ ਬਾਰੇ ਟੂਰਿਜ਼ਮ ਵਿਭਾਗ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।