Punjab Heavy Rain: ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਏ ਭਾਰੀ ਮੀਂਹ ਨਾਲ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Trending Photos
Punjab Heavy Rain: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੜਕੇ ਤੋਂ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਆਫਤ ਵੀ ਬਣ ਗਿਆ। ਕੁਝ ਘੰਟਿਆਂ ਦੇ ਮੀਂਹ ਨੇ ਪੰਜਾਬ ਦੇ ਕਈ ਸ਼ਹਿਰ ਵਿੱਚ ਪਾਣੀਓਂ-ਪਾਣੀ ਕਰ ਦਿੱਤਾ। ਸੜਕਾਂ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਜ਼ਿਲ੍ਹਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਲੁਧਿਆਣਾ: ਅੱਜ ਲੁਧਿਆਣਾ ਦੇ ਵਿੱਚ ਵੀ ਸਵੇਰ ਤੋਂ ਹੀ ਲਗਾਤਾਰ ਬਰਸਾਤ ਹੋ ਰਹੀ ਹੈ। ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਬਰਸਾਤ ਨੇ ਨਗਰ ਨਿਗਮ ਲੁਧਿਆਣਾ ਦੇ ਕੰਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਵੱਡੇ ਵੱਡੇ ਦਾਅਵੇ ਕਰਨ ਵਾਲੀ ਨਗਰ ਨਿਗਮ ਦੀ ਭਾਰੀ ਮੀਂਹ ਨੇ ਪੋਲ੍ਹ ਖੋਲ ਦਿੱਤੀ ਹੈ। ਨਿਗਮ ਦੀ ਲਾਪਰਵਾਹੀ ਦਾ ਖਮਿਆਜਾ ਆਮ ਜਨਤਾ ਨੂੰ ਉਸ ਸਮੇਂ ਭੁਗਤਣਾ ਪਿਆ ਜਦ ਸੜਕਾਂ ਦੇ ਉੱਤੇ ਦੋ ਦੋ ਫੁੱਟ ਪਾਣੀ ਖੜ੍ਹ ਗਿਆ ਅਤੇ ਆਉਣ ਜਾਣ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਜਿਸ ਤਰੀਕੇ ਨਾਲ ਬਾਰਿਸ਼ ਹੋ ਰਹੀ ਹੈ ਲੋਕਾਂ ਦੀ ਪਰੇਸ਼ਾਨੀ ਹੋਰ ਵਧਣ ਦੀ ਸੰਭਾਵਨਾ ਹੈ।
ਜਲੰਧਰ: ਅੱਜ ਸਵੇਰੇ 2 ਘੰਟੇ ਤੱਕ ਪਏ ਭਾਰੀ ਮੀਂਹ ਕਾਰਨ ਪੂਰਾ ਸ਼ਹਿਰ ਪਾਣੀ 'ਚ ਡੁੱਬ ਗਿਆ। ਹਾਲਾਤ ਇੰਨੇ ਖਰਾਬ ਹੋ ਗਏ ਕਿ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਦੱਸ ਦੇਈਏ ਕਿ ਸੀਜ਼ਨ ਦੀ ਇਹ ਪਹਿਲੀ ਭਾਰੀ ਬਾਰਿਸ਼ ਸੀ ਜਿਸ ਨੇ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕ ਆਪਣੇ ਘਰਾਂ ਵਿੱਚ ਪਾਣੀ ਕੱਢਦੇ ਹੋਏ ਨਜ਼ਰ ਆਏ।
ਮੋਹਾਲੀ: ਕੁਝ ਘੰਟਿਆ ਦੇ ਮੀਂਹ ਨੇ ਮੋਹਾਲੀ ਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਸੜਕਾਂ ਉਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ਉਤੇ 1.5-1.5 ਫੁੱਟ ਪਾਣੀ ਦਿਖਾਈ ਦਿੱਤਾ। ਇਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਹੋਈ। ਪੰਜਾਬ ਦੇ ਸਿਵਲ ਸਕੱਤਰੇਤ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਮੋਹਾਲੀ ਜ਼ਿਲ੍ਹੇ ਦੇ ਨਯਾ ਗਰਾਓਂ ਦਾ ਇਲਾਕਾ ਪਾਣੀ 'ਚ ਡੁੱਬ ਗਿਆ ਅਤੇ ਪਾਣੀ ਘਰਾਂ 'ਚ ਵੜ ਗਿਆ ਹੈ ਅਤੇ ਵਾਹਨ ਪਾਣੀ 'ਚ ਡੁੱਬ ਗਏ। ਪੰਜਾਬ ਇੰਜੀਨੀਅਰਿੰਗ ਕਾਲਜ ਦੇ ਪਿੱਛੇ ਸਥਿਤ ਪਿੰਡ ਦੇ ਲੋਕ ਚਿੰਤਤ ਹਨ।
ਪਾਤੜਾਂ: ਬੀਤੀ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਅੱਜ ਲੋਕਾਂ ਨੂੰ ਰਾਹਤ ਮਿਲ ਗਈ ਇੱਕ ਘੰਟੇ ਤੋਂ ਭਾਰੀ ਬਰਸਾਤ ਨੇ ਸ਼ਹਿਰ ਪਾਣੀ-ਪਾਣੀ ਹੋ ਗਿਆ। ਸ਼ਹਿਰ ਦੇ ਨੀਂਵੀਂਆ ਥਾਵਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਲੋਕ ਡੂੰਘੇ ਪਾਣੀ ਨਾਲ ਲੰਘ ਰਹੇ ਹਨ । ਉੱਥੇ ਹੀ ਬਰਸਾਤ ਨਾਲ ਨਗਰ ਕੌਂਸਲ ਦੇ ਦਫ਼ਤਰ ਪਾਣੀ ਨਾਲ ਭਰ ਗਿਆ। ਬਰਸਾਤ ਨਾਲ ਸਿਟੀ ਪੁਲਸ ਚੌਂਕੀ ਵਿਚ ਵੀ ਪਾਣੀ ਭਰ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਹੈ ਉਥੇ ਹੀ ਗਲੀਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਵੀ ਪੇਸ਼ ਆਈ।
ਰਾਜਪੁਰਾ: ਰਾਜਪੁਰਾ ਵਿੱਚ ਬਰਸਾਤ ਕਾਰਨ ਇੱਕ ਵਾਰ ਫਿਰ ਮੁੜ ਤੋਂ ਅੰਡਰ ਬ੍ਰਿਜ ਤੇ ਨਿਕਾਸੀ ਨਾ ਹੋਣ ਕਰਕੇ ਪਾਣੀ ਖੜ੍ਹਾ ਹੋ ਗਿਆ। ਪਾਣੀ ਦੀ ਮੋਟਰਾਂ ਖਰਾਬ ਹੋ ਚੁੱਕੀਆਂ ਹਨ ਅਤੇ ਨਗਰ ਕੌਂਸਲ ਦੀ ਫਾਈਬਰਗੇਟ ਦੀ ਗੱਡੀ ਨਾਲ ਅੰਡਰ ਬ੍ਰਿਜ ਹੇਠਾਂ ਤੋਂ ਪਾਣੀ ਕੱਢਿਆ ਜਾ ਰਿਹਾ। ਦੂਸਰਾ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਹੋਣ ਕਰਕੇ ਅੰਡਰ ਬ੍ਰਿਜ ਤੋਂ ਵਾਹਨ ਚਾਲਕ ਜਾ ਰਹੇ ਹਨ। ਦੋ ਪਈਆ ਵਾਹਨਾਂ ਨੂੰ ਕਾਫੀ ਪਾਣੀ ਦੇ ਵਿੱਚੋਂ ਲੰਘਣ ਕਰਕੇ ਡਿੱਗ ਕੇ ਸੱਟਾਂ ਲੱਗ ਚੁੱਕੀਆਂ ਹਨ। ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੰਗਲ: ਅੱਜ ਭਾਰੀ ਮੀਂਹ ਦੇ ਅਲਰਟ ਕਾਰਨ ਤੜਕਸਾਰ ਤੋਂ ਹੀ ਜ਼ਿਲ੍ਹੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਭਾਰੀ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਸੜਕਾਂ ਉਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਤੇ ਬਰਸਾਤੀ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਗਿਆ।
ਇਸ ਕਾਰਨ ਲੋਕਾਂ ਦਾ ਕੀਮਤੀ ਸਾਮਾਨ ਖ਼ਰਾਬ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਰਾਜ ਨਗਰ ਵਿੱਚ ਬਣੀ ਸੀਵਰੇਜ ਬੋਰਡ ਦੇ ਪੰਪ ਉਤੇ ਜਾ ਕੇ ਇਸਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੀਵਰੇਜ ਦਾ ਪਾਣੀ ਕੱਢਣ ਦੀ ਲਗਾਈਆਂ ਗਈਆਂ ਦੋ ਮੋਟਰਾਂ ਵਿੱਚੋਂ ਇੱਕ ਮੋਟਰ ਖਰਾਬ ਹੈ ਤੇ ਇੱਕ ਮੋਟਰ ਦੇ ਜ਼ਰੀਏ ਹੀ ਪਾਣੀ ਕੱਢਿਆ ਜਾ ਰਿਹਾ ਹੈ ਤੇ ਉਹ ਵੀ ਬੰਦ ਹੋ ਜਾਣ ਦੇ ਚੱਲਦਿਆਂ ਕਾਫੀ ਦੇਰ ਤੱਕ ਪਾਣੀ ਨਹੀਂ ਕੱਢ ਪਾਈ ਜਿਸ ਨੂੰ ਦੇਖਦੇ ਹੋਇਆ ਮੁਹੱਲਾ ਵਾਸੀਆ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।