Guru Gobind Viah Purab: ਸਾਹਿਬ-ਏ -ਕਮਾਲ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਅੱਜ ਇੱਕ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਤੋਂ ਸਜਾਇਆ ਗਿਆ।
Trending Photos
Sri Anandpur Sahib (ਬਿਮਲ ਸ਼ਰਮਾ) : ਸਾਹਿਬ-ਏ -ਕਮਾਲ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਅੱਜ ਇੱਕ ਬਰਾਤ ਰੂਪੀ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਤੋਂ ਜੈਕਾਰਿਆਂ ਤੇ ਨਗਾਰਿਆਂ ਦੀ ਗੂੰਜ, ਪੰਜ ਪਿਆਰਿਆਂ ਪੰਜ ਨਿਸ਼ਾਨ ਸਿੰਘਾਂ ਦੀ ਅਗਵਾਈ ਵਿੱਚ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼ੁਰੂ ਹੋਇਆ ਜੋਂ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ਼੍ਰੀ ਅਨੰਦਕਾਰਜ ਸਾਹਿਬ ਗੁਰੂ ਕਾ ਲਾਹੌਰ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਬਸੰਤ ਪੰਚਮੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਸੀ ਸੋ ਹਰ ਸਾਲ ਇਸ ਦਿਨ ਨੂੰ ਮਨਾਣ ਦੇ ਲਈ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰੂ ਕਾ ਲਾਹੌਰ ਪਹੁੰਚਦੀ ਹੈ।
ਗੌਰਤਲਬ ਹੈ ਕਿ ਲਾਹੌਰ ਦੇ ਰਹਿਣ ਵਾਲੇ ਹਰਜੱਸ ਦੀ ਸਪੁੱਤਰੀ ਬੀਬੀ ਜੀਤੋ ਦੇ ਨਾਲ 23 ਹਾੜ ਸੰਮਤ 1734 ਵਿੱਚ ਗੁਰੂ ਗੋਬਿੰਦ ਸਾਹਿਬ ਜੀ ਦਾ ਵਿਆਹ ਤੈਅ ਹੋਇਆ ਸੀ। ਮਾਤਾ ਜੀਤੋ ਜੀ ਦੇ ਪਿਤਾ ਦੀ ਇੱਛਾ ਸੀ ਕਿ ਗੁਰੂ ਦੀ ਬਾਰਾਤ ਲੈ ਕੇ ਲਾਹੌਰ (ਪਾਕਿਸਤਾਨ ) ਆਉਣ ਮਗਰ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਜ਼ਰੂਰੀ ਕੰਮ ਸ਼ੁਰੂ ਕੀਤੇ ਹੋਏ ਸਨ। ਗੁਰੂ ਜੀ ਨੇ ਉੱਥੇ ਜਾਣਾ ਉਚਿਤ ਨਹੀਂ ਸਮਝਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਖੁਸ਼ੀ ਲਈ ਉਹ ਇੱਥੇ ਹੀ ਲਾਹੌਰ ਬਣਾ ਦੇਣਗੇ ਤੇ ਗੁਰੂ ਸਾਹਿਬਾਨ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਠਾਰਾਂ ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਇੱਕ ਅਦਭੁੱਤ ਨਗਰ ਬਣਾਉਣ ਦੇ ਆਦੇਸ਼ ਦਿੱਤੇ ਜੋ ਕਿ ਹੂਬਹੂ ਲਾਹੌਰ ਦੀ ਤਰ੍ਹਾਂ ਬਣਾਇਆ ਗਿਆ ਸੀ। ਨਗਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਗੁਰੂ ਕਾ ਲਾਹੌਰ ਦਾ ਨਾਮ ਦਿੱਤਾ ਗਿਆ। ਇਹੀ ਕਾਰਨ ਹੈ ਕਿ ਗੁਰੂ ਜੀ ਦਾ ਵਿਆਹ ਪੁਰਬ ਇੱਥੇ ਮਨਾਇਆ ਜਾਂਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੱਖਾਂ ਦੀ ਤਦਾਦ ਦੇ ਵਿਚ ਇੱਥੇ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ।
ਅੱਜ ਇਹ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨਗਰ ਕੀਰਤਨ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ। ਇਸ ਮੌਕੇ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ।
ਇਹ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਿਹਰਾ ਸਾਹਿਬ ਵਿਖੇ ਪੁੱਜੇਗਾ ਅਤੇ ਉਥੋਂ ਇੱਕ ਸੁੰਦਰ ਪਾਲਕੀ ਸਾਹਿਬ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬਿਰਾਜਮਾਨ ਕਰਕੇ ਪਾਲਕੀ ਨੂੰ ਮੋਢਿਆਂ ਤੇ ਚੱਕ ਕੇ ਗੁਰਦੁਆਰਾ ਸ਼੍ਰੀ ਆਨੰਦ ਕਾਰਜ ਸਾਹਿਬ ਗੁਰੂ ਕਾ ਲਾਹੌਰ ਵਿਖੇ ਪੁੱਜ ਕੇ ਨਗਰ ਕੀਰਤਨ ਸਮਾਪਤ ਹੋਵੇਗਾ।