Trending Photos
Machhiwara News (ਵਰੁਣ ਕੌਸ਼ਲ): ਬੀਤੀ ਦੇਰ ਰਾਤ ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਵਿੱਚ ਮਜ਼ਦੂਰਾਂ ਨਾਲ ਭਰੀ ਸਕਾਰਪਿਓ ਪਲਟ ਗਈ ਜਿਸ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ ਜਦਕਿ ਡਰਾਈਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਸਾਰੇ ਵਾਸੀ ਖੇਤਾਂ ਵਿਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ ਜੋ ਕਿ ਬਠਿੰਡਾ ਤੋਂ ਰੋਪੜ ਵੱਲ ਨੂੰ ਜਾ ਰਹੇ ਸਨ ਕਿ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨੇੜੇ ਇਨ੍ਹਾਂ ਦੀ ਸਕਾਰਪਿਓ ਕਾਰ ਸੰਤੁਲਨ ਗਵਾ ਨਹਿਰ ਵਿਚ ਜਾ ਡਿੱਗੀ। ਸਕਾਰਪਿਓ ਗੱਡੀ ਨਹਿਰ ਵਿਚ ਡਿੱਗਣ ਕਾਰਨ ਇਸ ਵਿਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋੜ ਕੇ ਬੜੀ ਮੁਸ਼ਕਿਲ ਨਾਲ ਬਾਹਰ ਨਿਕਲਣ ਦਾ ਯਤਨ ਕਰਦੇ ਰਹੇ ਅਤੇ ਇਨ੍ਹਾਂ ਨੇ ਬਚਾਉਣ ਲਈ ਰੌਲਾ ਪਾਇਆ।
ਇਨ੍ਹਾਂ ਦੇ ਬਚਾਓ ਦਾ ਰੌਲਾ ਸੁਣ ਕੇ ਉੱਥੋਂ ਲੰਘ ਰਿਹਾ ਪਿੰਡ ਬਹਿਲੋਲਪੁਰ ਦਾ ਸਾਬਕਾ ਫੌਜੀ ਹਰਜਿੰਦਰ ਸਿੰਘ ਖੜ੍ਹ ਗਿਆ ਜਿਸ ਨੇ ਨਹਿਰ ਵਿਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ’ਚੋਂ ਇੱਕ ਵਿਅਕਤੀ ਕੁਲਵਿੰਦਰ ਸਿੰਘ ਜਿਸ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
ਕਾਰਗਿਲ ਦਾ ਸੇਵਾਮੁਕਤ ਫੌਜੀ ਬਣਿਆ ਮਸੀਹਾ
ਨਹਿਰ ਵਿਚ ਪਲਟੀ ਸਕਾਰਪਿਓ ਕਾਰ ਵਿਚੋਂ ਡੁੱਬਦੇ ਵਿਅਕਤੀਆਂ ਨੂੰ ਬਚਾਉਣ ਲਈ ਕਾਰਗਿਲ ਦਾ ਸੇਵਾਮੁਕਤ ਫ਼ੌਜੀ ਹਰਜਿੰਦਰ ਸਿੰਘ ਵਾਸੀ ਬਹਿਲੋਲਪੁਰ ਇਨ੍ਹਾਂ ਲਈ ਮਸੀਹਾ ਬਣ ਕੇ ਆਇਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲੜਕਿਆਂ ਤੇ ਪਰਿਵਾਰ ਸਮੇਤ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਜਿਸ ਦੀ ਗੱਡੀ ਅੱਗੇ ਇਹ ਹਾਦਸਾਗ੍ਰਸਤ ਹੋਣ ਵਾਲੀ ਸਕਾਰਪਿਓ ਗੱਡੀ ਜਾ ਰਹੀ ਸੀ।
ਉਸਨੇ ਦੇਖਿਆ ਕਿ ਅਚਾਨਕ ਸਕਾਰਪਿਓ ਗੱਡੀ ਸੜਕ ਤੋਂ ਲਾਪਤਾ ਹੋ ਗਈ ਅਤੇ ਉਸ ਨੂੰ ਸ਼ੰਕਾ ਹੋਈ ਕਿ ਗੱਡੀ ਨਹਿਰ ਵਿਚ ਜਾ ਡਿੱਗੀ। ਜਦੋਂ ਉਸਨੇ ਆਪਣੀ ਗੱਡੀ ਰੋਕ ਕੇ ਦੇਖਿਆ ਤਾਂ ਸੜਕ ਤੋਂ ਹੇਠਾਂ ਨਹਿਰ ਵੱਲ ਇਹ ਗੱਡੀ ਨਹਿਰ ਵਿਚ ਡਿੱਗੀ ਹੋਈ ਜਿਸ ਵਿਚ ਸਵਾਰ ਵਿਅਕਤੀ ਬਚਾਓ ਦਾ ਰੌਲਾ ਪਾ ਰਹੇ ਸਨ। ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲੜਕਿਆਂ ਸਮੇਤ ਨਹਿਰ ਵਿਚ ਉਤਰਿਆ ਜਿੱਥੇ ਜਾ ਕੇ ਉਸਨੇ ਗੱਡੀ ਦਾ ਸ਼ੀਸ਼ਾ ਭੰਨਿਆ ਅਤੇ ਵਿਅਕਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੇਵਾਮੁਕਤ ਫੌਜੀ ਅਨੁਸਾਰ ਉਸਨੇ ਬੜੀ ਮੁਸ਼ੱਕਤ ਨਾਲ 5 ਵਿਅਕਤੀਆਂ ਨੂੰ ਕਿਨਾਰੇ ਉਤੇ ਪਹੁੰਚਾ ਦਿੱਤਾ ਪਰ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।
ਕਾਰਗਿਲ ਦੀ ਲੜਾਈ ਲੜਨ ਵਾਲਾ ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਦੀ ਬਹਾਦਰੀ ਕਿ ਉਸਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿਚ ਡੁੱਬਦੇ 5 ਵਿਅਕਤੀਆਂ ਨੂੰ ਬਚਾਇਆ। ਮਾਛੀਵਾੜਾ ਪੁਲਿਸ ਵੀ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਪਹੁੰਚ ਗਈ ਸੀ ਜਿਨ੍ਹਾਂ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਹਿਰ ਵਿਚ ਡੁੱਬੀ ਗੱਡੀ ਨੂੰ ਅੱਜ ਬਾਹਰ ਕੱਢਿਆ ਗਿਆ।