Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 19 ਫਰਵਰੀ 2025
Advertisement
Article Detail0/zeephh/zeephh2651765

Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 19 ਫਰਵਰੀ 2025

Ajj da Hukamnama Sri Darbar Sahib: ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ 

Ajj da Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 19 ਫਰਵਰੀ 2025

Ajj da Hukamnama Sri Darbar Sahib: ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥ ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥

ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥ ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥

ਅਰਥ: (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ? ਹੇ ਪ੍ਰਭੂ-ਪਤੀ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ) ।

ਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ। (ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-ਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ। ਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ।

ਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ। ਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ, ਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ? ਹੇ ਪ੍ਰਭੂ!

ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ। ਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ। ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ ਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ।੧।

Trending news