Kapurthala News: ਮੁੱਢ ਕਦੀਮ ਤੋਂ ਹੀ ਪਰਵਾਸ ਮਨੁੱਖ ਦੀ ਫਿਤਰਤ ਬਣਿਆ ਰਿਹਾ ਹੈ। ਮਨੁੱਖ ਆਪਣੀਆਂ ਸੁੱਖ ਸਹੂਲਤਾਂ ਮੁਤਾਬਕ ਇੱਕ ਥਾਂ ਤੋਂ ਦੂਜੀ ਥਾਂ ਉਤੇ ਪਰਵਾਸ ਕਰਦਾ ਰਿਹਾ ਹੈ।
Trending Photos
Kapurthala News (ਚੰਦਰ ਮੜੀਆ): ਮੁੱਢ ਕਦੀਮ ਤੋਂ ਹੀ ਪਰਵਾਸ ਮਨੁੱਖ ਦੀ ਫਿਤਰਤ ਬਣਿਆ ਰਿਹਾ ਹੈ। ਮਨੁੱਖ ਆਪਣੀਆਂ ਸੁੱਖ ਸਹੂਲਤਾਂ ਮੁਤਾਬਕ ਇੱਕ ਥਾਂ ਤੋਂ ਦੂਜੀ ਥਾਂ ਉਤੇ ਪਰਵਾਸ ਕਰਦਾ ਰਿਹਾ ਹੈ। ਪਰ ਆਧੁਨਿਕ ਯੁੱਗ ਵਿੱਚ ਪਰਵਾਸ ਪੰਜਾਬ ਨੂੰ ਖਾ ਰਿਹਾ ਹੈ। ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪਰਵਾਸ ਦਾ ਰੁੱਖ ਕਰ ਰਹੇ ਹਨ ਤੇ ਦੂਸਰੇ ਪਾਸੇ ਇਹੀ ਪਰਵਾਸ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ।
ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਵੱਲੋਂ ਆਪਣੇ ਫੌਜ਼ਦਾਰੀ ਜਹਾਜ਼ਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹਕੇ ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਇਸ ਕੜੀ ਤਹਿਤ ਅਰਬ ਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਲੜਕੀਆਂ ਦੇ ਨਾਲ ਤਸ਼ੱਦਦ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਨ੍ਹਾਂ ਲੜਕੀਆਂ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਹਨ, ਜੋ ਕਾਫੀ ਹੱਦ ਤੱਕ ਅਸਰਦਾਰ ਸਾਬਿਤ ਹੋ ਰਹੇ ਹਨ।
ਜਲੰਧਰ ਜ਼ਿਲ੍ਹੇ ਦੇ ਨਾਲ ਸਬੰਧਤ ਪੀੜਤ ਲੜਕੀ ਜੋ ਦੋ ਸਾਲ ਪਹਿਲਾਂ ਮਸਕਟ (ਉਮਾਨ) ਵਿੱਚ ਚੰਗੇ ਭਵਿੱਖ ਦੀ ਭਾਲ ਲਈ ਗਈ ਸੀ ਅਤੇ ਅਰਬ ਦੇਸ਼ ਦੇ ਭਿਆਨਕ ਚੁੰਗਲ ਦਾ ਸ਼ਿਕਾਰ ਹੋ ਗਈ।
ਪੀੜਤ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੂੰ 30 ਹਜ਼ਾਰ ਰੁਪਏ ਤਨਖਾਹ ਦਾ ਲਾਲਚ ਦੇ ਕੇ ਇਥੋਂ ਕਿਸੇ ਏਜੰਟ ਵੱਲੋਂ ਉੱਥੇ ਭੇਜ ਦਿੱਤਾ ਗਿਆ ਅਤੇ ਉਸਦੇ ਕੋਲੋਂ ਵਿਦੇਸ਼ ਜਾਣ ਦੇ ਨਾਮ ਉਤੇ 60 ਹਜ਼ਾਰ ਰੁਪਏ ਲੈ ਲਏ ਗਏ। ਉੱਥੇ ਜਾ ਕੇ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਨੂੰ ਇੱਥੇ ਕੰਮ ਕਰਨ ਲਈ ਨਹੀਂ ਭੇਜਿਆ ਗਿਆ ਬਲਕਿ ਉਸ ਨੂੰ ਵੇਚ ਦਿੱਤਾ ਗਿਆ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੱਸਿਆ ਕਿ ਜਿਸ ਜਗ੍ਹਾ ਉਸਨੂੰ ਵੇਚਿਆ ਗਿਆ ਉੱਥੇ ਉਸਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਉਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਸੀ। ਉਸਨੂੰ ਮਾਰਿਆ ਕੁੱਟਿਆ ਜਾਂਦਾ ਅਤੇ ਉਸਦੇ ਨਾਲ ਛੇੜਖਾਨੀ ਵੀ ਕੀਤੀ ਜਾਂਦੀ ਅਤੇ ਨਾ ਹੀ ਉਸ ਨੂੰ ਸਮੇਂ ਸਿਰ ਖਾਣ ਲਈ ਕੁਝ ਦਿੱਤਾ ਜਾਂਦਾ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਨਾਲ 50 ਤੋਂ ਵਧੇਰੇ ਹੋਰ ਵੀ ਲੜਕੀਆਂ ਸਨ ਜੋ ਇਸ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਹਨ। ਉਸ ਨੇ ਕਿਹਾ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੀ ਉਸ ਦੀ ਘਰ ਵਾਪਸੀ ਹੋ ਸਕੀ ਹੈ ਨਹੀਂ ਤਾਂ ਉਸਨੇ ਜਿਉਣ ਦੀ ਵੀ ਆਸ ਛੱਡ ਦਿੱਤੀ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਹੱਡਬੀਤੀ ਸੁਣੀ ਹੈ, ਜਿਸ ਵਿੱਚ ਰੂਹ ਕੰਬਾਊ ਖੁਲਾਸੇ ਕੀਤੇ ਗਏ ਹਨ। ਉਸਨੇ ਦੱਸਿਆ ਕਿ ਉਥੋਂ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਅਤੇ ਉੱਥੇ ਪੰਜਾਬ ਦੀ ਹੀ ਇੱਕ ਲੜਕੀ ਨੂੰ ਜਿਸ ਦੇ ਪੈਰ ਖਰਾਬ ਸਨ ਅਤੇ ਉਸਨੂੰ ਸਖ਼ਤ ਇਲਾਜ ਦੀ ਲੋੜ ਸੀ , ਉਸਨੂੰ ਵੀ ਇਨ੍ਹਾਂ ਦਰਿੰਦਿਆਂ ਵੱਲੋਂ ਬਖਸ਼ਿਆ ਨਹੀਂ ਗਿਆ।
ਉਸਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਚੋਰੀ ਦੇ ਇਲਜ਼ਾਮਾਂ ਹੇਠ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਪੀੜਤ ਲੜਕੀ ਨੇ ਪੰਜਾਬ ਦੀਆਂ ਲੜਕੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪਰਵਾਸ ਦਾ ਰੁੱਖ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੜਕੀਆਂ ਦੇ ਨਾਲ ਹੈਵਾਨੀਅਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਹੈ ਉਹ ਹਾਲਾਤ ਬੇਹੱਦ ਹੀ ਚਿੰਤਾਜਨਕ ਹਨ।
ਇਸ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਨੇ ਕਿਹਾ ਕਿ ਜੋ ਹਾਲਾਤ ਇਸ ਵਕਤ ਪੰਜਾਬ ਦੇ ਨੌਜਵਾਨਾਂ ਦੇ ਲਈ ਪਰਵਾਸ ਨੂੰ ਲੈ ਕੇ ਬਣੇ ਹੋਏ ਹਨ ਉਹ ਬੇਹੱਦ ਹੀ ਚਿੰਤਾਜਨਕ ਹਨ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜੇਕਰ ਉਹ ਪ੍ਰਵਾਸ ਦਾ ਰੁੱਖ ਕਰਦੇ ਹਨ ਤਾਂ ਉਨ੍ਹਾਂ ਕੋਲ ਇੱਕ ਸਹੀ ਤਰੀਕਾ ਹੋਣਾ ਚਾਹੀਦਾ ਹੈ ਨਾ ਕਿ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨਾ।
ਉਨ੍ਹਾਂ ਨੇ ਕਿਹਾ ਹੈ ਕਿ ਉਹ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਨ ਕਿ ਜੇਕਰ ਉਹ ਵਿਦੇਸ਼ ਦਾ ਰੁੱਖ ਕਰਦੇ ਹਨ ਤਾਂ ਸਹੀ ਢੰਗ ਦੇ ਨਾਲ ਹੀ ਕਰਨ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਅਤੇ ਇਨ੍ਹਾਂ ਵਿਦੇਸ਼ੀ ਚੁੰਗਲ ਤੋਂ ਬਚ ਸਕਣ।