Punjab News: ਮਾਨ ਨੇ ਪਾਰਟੀ ਲਈ ਵੱਡੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਅੱਜ ਲੋਕਾਂ ਦੀ ਵੱਡੀ ਭੀੜ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ।
Trending Photos
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਦਿੱਲੀ ਦੇ ਗਾਂਧੀ ਨਗਰ ਵਿਧਾਨ ਸਭਾ ਹਲਕੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਮਾਨ ਇੱਥੇ ਗਾਂਧੀ ਨਗਰ ਤੋਂ 'ਆਪ' ਉਮੀਦਵਾਰ ਨਵੀਨ ਚੌਧਰੀ ਦੀਪੂ ਦੀ ਨਾਮਜ਼ਦਗੀ ਭਰਨ ਮੌਕੇ ਇੱਥੇ ਪਹੁੰਚੇ ਸਨ।
ਰੋਡ ਸ਼ੋਅ ਵਿੱਚ ਵੱਡੀ ਗਿਣਤੀ ‘ਚ 'ਆਪ' ਵਰਕਰਾਂ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ। ਲੋਕਾਂ ਨੇ ਨਾਅਰੇ ਲਗਾ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਉਮੀਦਵਾਰ ਦਾ ਸਵਾਗਤ ਕੀਤਾ। ਮਾਨ ਨੇ ਪਾਰਟੀ ਲਈ ਵੱਡੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਅੱਜ ਲੋਕਾਂ ਦੀ ਵੱਡੀ ਭੀੜ ਨੇ ਸਾਬਤ ਕਰ ਦਿੱਤਾ ਕਿ ਦਿੱਲੀ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ।
ਮਾਨ ਨੇ ਲੋਕਾਂ ਨੂੰ ਕਿਹਾ ਕਿ 5 ਤਰੀਕ ਨੂੰ ਤੁਹਾਨੂੰ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਇਸ ਲਈ, ਅਜਿਹੇ ਵਿਅਕਤੀ ਨੂੰ ਚੁਣੋ ਜੋ ਕੰਮ ਕਰਨਾ ਜਾਣਦਾ ਹੋਵੇ, ਨਾ ਕਿ ਨਫ਼ਰਤ ਦੀ ਰਾਜਨੀਤੀ। ਉਨ੍ਹਾਂ ਕਿਹਾ ਕਿ ਤੁਹਾਨੂੰ ਭਵਿੱਖ ਦੀ ਜ਼ਿੰਮੇਵਾਰੀ ਗੈਰ-ਜ਼ਿੰਮੇਵਾਰ ਅਤੇ ਘਟੀਆ ਦਰਜੇ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਨਹੀਂ ਦੇਣੀ ਚਾਹੀਦੀ। ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਤੁਹਾਡਾ ਕਦੇ ਵੀ ਕੋਈ ਭਲਾ ਨਹੀਂ ਕਰ ਸਕਦੇ।
ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਤੋਂ ਜੋ ਕਾਫ਼ਲਾ ਸ਼ੁਰੂ ਕੀਤਾ ਸੀ, ਉਹ ਅੱਜ ਬਹੁਤ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਗਿਆ ਹੈ। ਪੰਜਾਬ ਵਿੱਚ ਸਾਡੀ ਸਰਕਾਰ ਬਣ ਗਈ ਹੈ। ਸਾਡੇ ਕੋਲ ਚੰਡੀਗੜ੍ਹ ਵਿੱਚ ਇੱਕ ਮੇਅਰ ਹੈ। ਸਾਡੇ ਕੋਲ ਜਲੰਧਰ ਅਤੇ ਪਟਿਆਲਾ ਵਿੱਚ ਮੇਅਰ ਹਨ। ਦਿੱਲੀ ਦੇ ਐਮ.ਸੀ.ਡੀ. ਵਿੱਚ ਵੀ ਆਮ ਆਦਮੀ ਪਾਰਟੀ ਹੈ। ਸਾਡੇ ਗੁਜਰਾਤ ਵਿੱਚ ਪੰਜ ਵਿਧਾਇਕ ਹਨ, ਗੋਆ ਵਿੱਚ ਦੋ ਵਿਧਾਇਕ ਹਨ, ਸਾਡੇ ਤਿੰਨ ਲੋਕ ਸਭਾ ਮੈਂਬਰ ਹਨ ਅਤੇ ਪੰਜਾਬ ਤੋਂ ਸੱਤ ਰਾਜ ਸਭਾ ਮੈਂਬਰ ਹਨ ਅਤੇ ਦਿੱਲੀ ਤੋਂ ਵੀ ਤਿੰਨ ਰਾਜ ਸਭਾ ਮੈਂਬਰ ਹਨ। ਸਿਰਫ਼ 10 ਸਾਲਾਂ ਵਿੱਚ, ਆਮ ਆਦਮੀ ਪਾਰਟੀ ਇੱਕ ਕੌਮੀ ਪਾਰਟੀ ਬਣ ਗਈ, ਜੋ ਕਿ ਬਹੁਤ ਵੱਡੀ ਗੱਲ ਹੈ।
ਮਾਨ ਨੇ ਕਿਹਾ ਕਿ ਦਿੱਲੀ ਵਿੱਚ ਜੋ ਵੀ ਕੰਮ ਹੋਇਆ ਹੈ, ਭਾਵੇਂ ਉਹ ਮੁਹੱਲਾ ਕਲੀਨਿਕ ਅਤੇ ਸਰਕਾਰੀ ਹਸਪਤਾਲ ਹੋਣ, ਜਾਂ ਸਰਕਾਰੀ ਸਕੂਲਾਂ ਦੀ ਕਾਇਆਕਲਪ। ਚਾਹੇ ਉਹ ਮੁਫ਼ਤ ਬਿਜਲੀ, ਮੁਫ਼ਤ ਪਾਣੀ ਜਾਂ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਪ੍ਰਦਾਨ ਕਰਨਾ ਹੋਵੇ, ਅਸੀਂ ਇਹ ਸਾਰੇ ਕੰਮ ਪੰਜਾਬ ਵਿੱਚ ਵੀ ਲਾਗੂ ਕੀਤੇ ਹਨ। ਪੰਜਾਬ ਵਿੱਚ ਸਰਕਾਰ ਬਣੇ ਨੂੰ ਲਗਭਗ ਤਿੰਨ ਸਾਲ ਹੋ ਗਏ ਹਨ। ਹੁਣ ਤੱਕ ਅਸੀਂ ਪੰਜਾਬ ਵਿੱਚ 850 ਮੁਹੱਲਾ ਕਲੀਨਿਕ ਬਣਾਏ ਹਨ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਹੈ ਅਤੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ।
ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਗਰੀਬ ਅਤੇ ਅਮੀਰ ਦੇ ਬੱਚੇ ਇੱਕੋ ਬੈਂਚ 'ਤੇ ਪੜ੍ਹਦੇ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਹੋ ਰਿਹਾ ਹੈ। ਸਾਡੇ ਬੱਚੇ ਪੜ੍ਹ ਰਹੇ ਹਨ ਅਤੇ ਆਈ.ਆਈ.ਟੀ. ਤੇ ਨੀਟ ਦੀ ਪ੍ਰੀਖਿਆ ਪਾਸ ਕਰ ਰਹੇ ਹਨ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪਿਛਲੇ ਸਾਲ ਸਰਕਾਰੀ ਸਕੂਲਾਂ ਦੇ 158 ਬੱਚਿਆਂ ਨੇ ਜੇ.ਈ.ਈ. ਮੇਨ ਟੈਸਟ ਅਤੇ ਆਈ.ਆਈ.ਟੀ. ਪ੍ਰੀਖਿਆ ਪਾਸ ਕੀਤੀ ਹੈ।
ਪਿਛਲੇ ਤਿੰਨ ਸਾਲਾਂ ਵਿੱਚ, ਅਸੀਂ ਪੰਜਾਬ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਪੰਜਾਬ ਦੇ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ।
'ਆਪ' ਉਮੀਦਵਾਰ ਦੀ ਪ੍ਰਸ਼ੰਸਾ ਕਰਦਿਆਂ ਮਾਨ ਨੇ ਕਿਹਾ ਕਿ ਤੁਹਾਡਾ ਉਮੀਦਵਾਰ ਨਵੀਨ ਚੌਧਰੀ ਦੀਪੂ ਇਸ ਇਲਾਕੇ ਲਈ ਕੁਝ ਕਰਨਾ ਚਾਹੁੰਦਾ ਹੈ। ਸਾਨੂੰ ਤੁਹਾਡੀਆਂ ਸਮੱਸਿਆਵਾਂ ਸਮਝਣ ਦਿਓ। ਉਹ ਖੁਦ ਇੱਕ ਆਮ ਪਰਿਵਾਰ ਤੋਂ ਉੱਠ ਕੇ ਇੱਥੇ ਪਹੁੰਚੇ ਹਨ। ਇਸ ਲਈ, ਉਨ੍ਹਾਂ ਨੂੰ ਜਿੱਤ ਦਿਵਾਓ, ਜਿੱਤਣ ਤੋਂ ਬਾਅਦ ਉਹ ਤੁਹਾਡੇ ਵਿਚਕਾਰ ਰਹਿਣਗੇ ਅਤੇ ਤੁਹਾਡੇ ਲਈ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਸਾਡਾ ਚੋਣ ਨਿਸ਼ਾਨ ਝਾੜੂ ਹੈ ਅਤੇ ਝਾੜੂ ਦਾ ਕੰਮ ਸਫਾਈ ਕਰਨਾ ਹੈ। ਅਸੀਂ ਪੰਜਾਬ ਅਤੇ ਦਿੱਲੀ ਵਿੱਚ ਆਪਣੇ ਝਾੜੂ ਨਾਲ ਚਿੱਕੜ ਸਾਫ਼ ਕੀਤਾ ਹੈ, ਇਸੇ ਕਰਕੇ ਦੋਵਾਂ ਥਾਵਾਂ 'ਤੇ ਕਮਲ ਨਹੀਂ ਖਿੜ ਰਿਹਾ। ਪੰਜਾਬ ਅਤੇ ਦਿੱਲੀ ਦੋਵਾਂ ਵਿੱਚ ਭਾਜਪਾ ਦੇ ਵਿਧਾਇਕ ਸਿੰਗਲ ਡਿਜਿਟ ਵਿੱਚ ਹਨ। ਇਸ ਵਾਰ ਵੀ ਇਹੀ ਕੁਝ ਹੋਣ ਵਾਲਾ ਹੈ। ਭਾਜਪਾ ਦੇ ਲੋਕ ਇਹ ਵੀ ਜਾਣਦੇ ਹਨ ਕਿ ਉਹ ਦਿੱਲੀ ਵਿੱਚ ਕੁਝ ਵੀ ਹਾਸਲ ਨਹੀਂ ਕਰ ਸਕਦੇ।
ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਆਮ ਆਦਮੀ ਪਾਰਟੀ ਤੋਂ ਗਰੰਟੀ ਸ਼ਬਦ ਚੋਰੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਲੋਕ ਮੈਨੀਫੈਸਟੋ ਕਹਿੰਦੇ ਸਨ, ਫਿਰ ਉਹ ਸੰਕਲਪ ਪੱਤਰ ਅਤੇ ਘੋਸ਼ਣਾ ਪੱਤਰ ਕਹਿਣ ਲੱਗ ਪਏ, ਪਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਨੇ ਗਰੰਟੀ ਦਿੱਤੀ ਹੈ, ਉਦੋਂ ਤੋਂ ਇਹ ਲੋਕ ਗਰੰਟੀ ਸ਼ਬਦ ਵੀ ਵਰਤਣ ਲੱਗ ਪਏ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਜਾਣਬੁੱਝ ਕੇ 'ਆਪ' ਆਗੂਆਂ 'ਤੇ ਝੂਠੇ ਦੋਸ਼ ਲਗਾ ਰਹੀ ਹੈ। ਭਾਜਪਾ ਨੇ ਸਾਡੇ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ, ਤੁਸੀਂ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਪਾ ਸਕਦੇ ਹੋ ਪਰ ਉਨ੍ਹਾਂ ਦੀ ਸੋਚ ਨੂੰ ਨਹੀਂ।