Machhiwara News: ਹਰਪਾਲ ਸਿੰਘ ਦਾ ਉਦੇਸ਼ ਸੀ ਕਿ ਲੋਕਾਂ ਨੂੰ ਕੈਮੀਕਲ ਰਹਿਤ ਤੇ ਸਾਫ਼ ਸੁਥਰੀਆਂ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਏ। ਇਸ ਲਈ ਉਸਨੇ ਐਗਰੋ ਫਾਰਮ ਫ੍ਰੈੱਸ ਨਾਮ ਸਟੋਰ ਖੋਲ੍ਹਿਆ ਜਿੱਥੇ ਉਹ ਇਹ ਸਾਮਾਨ ਤਿਆਰ ਕਰ ਰਿਹਾ ਹੈ।
Trending Photos
Machhiwara News: ਖੰਡ ਮਿੱਲ ਬੁੱਢੇਵਾਲ ਤੋਂ ਸੇਵਾਮੁਕਤ ਅਧਿਕਾਰੀ ਹਰਪਾਲ ਸਿੰਘ ਨੇ ਅਨੌਖੀ ਗੰਨੇ ਦੀ ਕੁਲਹਾੜੀ ਲਗਾਈ ਹੈ ਜਿੱਥੇ ਉਹ 8 ਤਰ੍ਹਾਂ ਦਾ ਕੈਮੀਕਲ ਰਹਿਣ ਸ਼ੁੱਧ ਗੁੜ ਤਿਆਰ ਕਰਕੇ ਲੋਕਾਂ ਨੂੰ ਮੁਹੱਈਆ ਕਰਵਾ ਰਿਹਾ ਹੈ। ਸੇਵਾਮੁਕਤ ਕੈਮਿਸਟ ਸ਼ੂਗਰਫੈੱਡ ਬੀ.ਐੱਸ.ਸੀ., ਐੱਮ.ਐੱਸ.ਸੀ, ਬੀ.ਐੱਡ, ਐੱਮ.ਬੀ.ਏ. (ਫਾਇਨਾਂਸ) ਹਰਪਾਲ ਸਿੰਘ ਅਨੌਖੀ ਗੰਨੇ ਦੀ ਕੁਲਹਾੜੀ ਸਮਰਾਲਾ-ਚੰਡੀਗੜ੍ਹ ਮਾਰਗ ’ਤੇ ਪੈਂਦੇ ਪਿੰਡ ਹੇਡੋਂ ਨੇੜ੍ਹੇ ਚਲਾ ਰਿਹਾ ਹੈ, ਜਿੱਥੇ ਉਹ ਆਪਣੀ ਨਿਗਰਾਨੀ ਹੇਠ ਗੁੜ ਨਾਲ ਹੋਰ ਵੀ ਕਈ ਉਤਪਾਦ ਤਿਆਰ ਕਰਕੇ ਵੇਚ ਰਿਹਾ ਹੈ।
ਹਰਪਾਲ ਸਿੰਘ ਨੇ ਦੱਸਿਆ ਕਿ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਬੇਸ਼ੱਕ ਉਸ ਨੂੰ ਗੰਨਾ ਮਿੱਲ ਵਿਚ ਦੁਬਾਰਾ ਕੰਮ ਕਰਨ ਦੀ ਪੇਸ਼ਕਸ ਹੋਈ ਸੀ ਪਰ ਉਸਦਾ ਉਦੇਸ਼ ਸੀ ਕਿ ਲੋਕਾਂ ਨੂੰ ਕੈਮੀਕਲ ਰਹਿਤ ਤੇ ਸਾਫ਼ ਸੁਥਰੀਆਂ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ। ਇਸ ਲਈ ਉਸਨੇ ਐਗਰੋ ਫਾਰਮ ਫ੍ਰੈੱਸ ਨਾਮ ਸਟੋਰ ਖੋਲ੍ਹਿਆ ਜਿੱਥੇ ਉਹ ਇਹ ਸਾਮਾਨ ਤਿਆਰ ਕਰ ਰਿਹਾ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਇੱਥੇ ਉਸਨੇ ਗੰਨੇ ਦੀ ਕੁਲਹਾੜੀ ਲਗਾਈ ਅਤੇ ਜੋ ਗੁੜ ਉਹ ਤਿਆਰ ਕਰਵਾਉਂਦਾ ਹੈ ਉਸ ਲਈ ਵਿਸ਼ੇਸ਼ ਤੌਰ ’ਤੇ ਕਿਸਾਨ ਤੋਂ ਗੰਨੇ ਦੀ ਬਿਜਾਈ ਕਰਵਾਉਂਦਾ ਹੈ।
ਹਰਪਾਲ ਸਿੰਘ ਨੇ ਦੱਸਿਆ ਕਿ ਉਹ ਗੁੜ ਤੋਂ ਇਲਾਵਾ ਮਸਾਲਾ ਗੁੜ, ਹਲਦੀ ਗੁੜ, ਅਲਸੀ ਗੁੜ, ਐਜਵਾਇਨ ਗੁੜ, ਮੂੰਗਫਲੀ ਗੁੜ ਆਦਿ ਵੀ ਤਿਆਰ ਕਰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਗੁੜਾਂ ’ਚ ਕਾਲੀ ਮਿਰਚ, ਸੁੰਢ, ਦਾਲਚੀਨੀ, ਸੌਂਫ਼ ਵੀ ਵਰਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੁੜ ਤਿਆਰ ਕਰਨ ਮੌਕੇ ਕਿਸੇ ਵੀ ਕਿਸਮ ਦਾ ਕੋਈ ਕੈਮੀਕਲ ਨਹੀਂ ਵਰਤਿਆ ਜਾਂਦਾ ਅਤੇ ਸ਼ੁੱਧਤਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰੇਕ ਤਰ੍ਹਾਂ ਦੇ ਗੁੜ ਦੇ ਕਿਊਬ ਵੀ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਇਸ ਨੂੰ ਖਾਣ ਵਿਚ ਅਸਾਨੀ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਦੇਸੀ ਖੰਡ, ਬ੍ਰਾਊਨ ਸ਼ੂਗਰ ਅਤੇ ਸ਼ੱਕਰ ਵੀ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਸ਼ੁੱਧਤਾ ਦਾ ਵੀ ਉਹ 100 ਪ੍ਰਤੀਸ਼ਤ ਦਾਅਵਾ ਕਰਦੇ ਹਨ। ਹਰਪਾਲ ਸਿੰਘ ਨੇ ਦੱਸਿਆ ਕਿ ਉਸਦਾ ਗੁੜ ਵੇਚਣ ਦਾ ਧੰਦਾ ਜ਼ਿਆਦਾ ਕਮਾਈ ਵਾਲਾ ਨਹੀਂ ਸਗੋਂ ਉਸਦਾ ਉਦੇਸ਼ ਹੈ ਕਿ ਲੋਕਾਂ ਨੂੰ ਸਵਾਦਿਸ਼ਟ, ਕੈਮੀਕਲ ਰਹਿਤ ਤੇ ਸਿਹਤ ਭਰਪੂਰ ਸਾਮਾਨ ਮੁਹੱਈਆ ਕਰਵਾਇਆ ਜਾਵੇ।
ਹਰਪਾਲ ਸਿੰਘ ਨੇ ਦੱਸਿਆ ਕਿ ਐਗਰੋ ਫਾਰਮ ਫ੍ਰੈੱਸ ਵਲੋਂ ਗੁੜ ਦੇ ਨਾਲ-ਨਾਲ ਖਾਣ ਲਈ ਵਰਤੇ ਜਾਣ ਵਾਲੇ ਤੇਲਾਂ ਦਾ ਵੀ ਉਤਪਾਦਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਲੀ ਸਰ੍ਹੋਂ ਨਾਲ ਤੇਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਾਰੀਅਲ ਤੇਲ ਵੀ ਖੁਦ ਕੱਢਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੇ ਸ਼ਿਰਕੇ ਵੀ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਤਿਲਾਂ ਦਾ ਤੇਲ, ਅਲਸੀ ਦਾ ਤੇਲ, ਬਦਾਮਾਂ ਦਾ ਤੇਲ ਵੀ ਕੱਢਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੋਰ ਵੀ ਕਈ ਸਮਾਨਾਂ ਦਾ ਉਤਪਾਦ ਕੀਤਾ ਜਾਂਦਾ ਹੈ ਜਿਸ ਵਿਚ ਮਲਟੀਗ੍ਰੇਨ ਬਿਸਕੁਟ ਤੇ ਆਟਾ ਵੀ ਸ਼ਾਮਲ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸੇਵਾਮੁਕਤ ਅਧਿਕਾਰੀ ਹਰਪਾਲ ਸਿੰਘ ਨੇ ਐਗਰੋ ਫਾਰਮ ਫ੍ਰੈੱਸ ਖੋਲ੍ਹ ਕੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਆਪਣੇ ਉਤਪਾਦ ਖੁਦ ਵੇਚਣ ਤਾਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੇ ਖੇਤਾਂ ਵਿਚ ਪੈਦਾ ਕੀਤੀਆਂ ਸਬਜ਼ੀਆਂ ਮੰਡੀਆਂ ਵਿਚ ਘੱਟ ਰੇਟ ’ਤੇ ਵੇਚਣ ਦੀ ਬਜਾਏ ਇਕੱਠੇ ਹੋ ਕੇ ਇੱਕ ਪਲੇਟਫਾਰਮ ’ਤੇ ਵੇਚਣ ਤਾਂ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਕੈਮੀਕਲ ਰਹਿਤ ਸ਼ੁੱਧ ਸਾਮਾਨ ਤਿਆਰ ਕਰਦਾ ਹੈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਹੀਂ ਹੁੰਦਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਫਸਲਾਂ ’ਤੇ ਘੱਟ ਤੋਂ ਘੱਟ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਨ।