Trending Photos
Fatehgarh Sahib News(ਜਗਮੀਤ ਸਿੰਘ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਦੀਵਾਨ ਟੋਡਰ ਮੱਲ ਦੀ ਰਿਹਾਇਸ਼ ਵਜੋਂ ਜਾਣੀ ਜਾਂਦੀ ਦੀਵਾਨ ਟੋਡਰ ਮੱਲ ਦੀ ਜਹਾਜੀ ਹਵੇਲੀ ਦੇ ਚੱਲ ਰਹੇ ਪੁਨਰ ਸਾਂਭ ਸੰਭਾਲ ਦੇ ਕਾਰਜਾਂ ਦਾ ਨਿਰੀਖਣ ਕਰਨ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦਾ ਅਮਰੀਕਾ ਅਤੇ ਕੈਨੇਡਾ ਤੋਂ ਖਾਸ ਤੌਰ ਉਤੇ ਵਫਦ ਪਹੁੰਚਿਆ।
ਇਸ ਮੌਕੇ ਮੁੱਖ ਸਰਪ੍ਰਸਤ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਬਹਾਦਰ ਸਿੰਘ ਅਮਰੀਕਾ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਵਿਰਾਸਤੀ ਹਵੇਲੀ ਦੇ ਮੁੜ ਸਾਂਭ ਸੰਭਾਲ ਦਾ ਕਾਰਜ ਜੰਗੀ ਪੱਧਰ ਉਤੇ ਚੱਲ ਰਿਹਾ ਹੈ, ਪ੍ਰੰਤੂ ਇਸ ਕਾਰਜ ਵਿੱਚ ਕੁਝ ਕਾਨੂੰਨੀ ਰੁਕਾਵਟਾਂ ਹੋਣ ਕਾਰਨ ਚੱਲ ਰਹੇ ਕਾਰਜਾਂ ਵਿੱਚ ਕੰਮ ਦੀ ਚਾਲ ਜ਼ਰੂਰ ਹੌਲੀ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਹਵੇਲੀ ਨੂੰ ਦੇਸ਼ਾਂ-ਵਿਦੇਸ਼ਾਂ ਤੋਂ ਦੇਖਣ ਲਈ ਤਕਰੀਬਨ ਸੰਗਤਾਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀਆਂ ਕੋਸ਼ਿਸ਼ਾਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ 1911 ਵਿੱਚ ਇਸ ਜਹਾਜ਼ ਹਵੇਲੀ ਦੀ ਇੱਕ ਤਸਵੀਰ ਕਿਸੇ ਅੰਗਰੇਜ਼ ਵੱਲੋਂ ਲਈ ਗਈ ਸੀ, ਜੋ ਕਿ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੀ ਲਾਇਬ੍ਰੇਰੀ ਵਿੱਚੋਂ ਪ੍ਰਾਪਤ ਹੋਈ ਹੈ ਤੇ ਇਸ ਤਸਵੀਰ ਵਿੱਚ 90% ਇਮਾਰਤ ਖੜ੍ਹੀ ਦਿਖਾਈ ਦੇ ਰਹੀ ਹੈ ਜਦੋਂ ਕਿ ਅੱਜ ਇਹ 80 ਫ਼ੀਸਦੀ ਢਹਿ ਚੁੱਕੀ ਹੈ। ਇਸ ਕਰਕੇ ਉਸ ਤਸਵੀਰ ਮੁਤਾਬਕ ਹੀ ਹੁਣ ਇਸ ਜਹਾਜ਼ ਹਵੇਲੀ ਨੂੰ ਉਹੀ ਰੂਪ ਦਿੱਤਾ ਜਾ ਰਿਹਾ ਹੈ, ਜਿਸ ਦਾ ਫਾਊਂਡੇਸ਼ਨ ਵੱਲੋਂ ਢਾਂਚਾ ਤਿਆਰ ਕਰ ਲਿਆ ਗਿਆ ਹੈ।
ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਜਹਾਜ਼ ਹਵੇਲੀ ਵਿੱਚ ਇੱਕ ਸਪੈਸ਼ਲ ਮਿਊਜੀਅਮ ਵੀ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਦੀਵਾਨ ਟੋਡਰ ਮੱਲ ਦਾ ਇਤਿਹਾਸ ਵੀ ਵੀ ਸੁਸ਼ੋਭਿਤ ਕੀਤਾ ਜਾਵੇਗਾ।