Lawrence Bishnoi Gang: ਪੰਜਾਬ ਪੁਲਿਸ ਨੇ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੀ ਆੜ ਵਿੱਚ ਕਾਰੋਬਾਰੀਆਂ ਤੋਂ ਜ਼ਬਰਦਸਤੀ ਵਸੂਲੀ ਕਰਦਾ ਸੀ।
Trending Photos
Lawrence Bishnoi Gang: ਪੰਜਾਬ ਪੁਲਿਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਾਮ ਹੇਠ ਫਿਰੌਤੀ ਮੰਗਣ ਵਾਲੇ ਗੈਂਗ ਦੇ ਇੱਕ ਮੈਂਬਰ ਨੂੰ ਟੀ.ਡੀ.ਆਈ. ਵੈਲਿੰਗਟਨ ਸਿਟੀ, ਸੈਕਟਰ-117 ਮੋਹਾਲੀ ਤੋਂ ਗ੍ਰਿਫ਼ਤਾਰ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਬਰੀ ਵਸੂਲੀ ਕਰਨ ਵਾਲਾ ਇਹ ਗਿਰੋਹ ਮੋਹਾਲੀ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਰਗਰਮ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਕੁਮਾਰ (19) ਵਾਸੀ ਮਲੋਆ ਚੰਡੀਗੜ੍ਹ ਵਜੋਂ ਹੋਈ ਹੈ ਜੋ ਸਥਾਨਕ ਸੈਲੂਨ ਵਿੱਚ ਕੰਮ ਕਰਦਾ ਸੀ। ਪੁਲਿਸ ਟੀਮ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਏਆਈਜੀ ਐਸਐਸਓਸੀ ਐਸਏਐਸ ਮੋਹਾਲੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਧਮਕੀ ਭਰੀਆਂ ਫੋਨ ਕਾਲਾਂ ਸਬੰਧੀ ਕਈ ਰਿਪੋਰਟਾਂ ਮਿਲਣ ਉਪਰੰਤ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕੀਤੀ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਉਪਰੰਤ ਪੁਲਿਸ ਟੀਮਾਂ ਨੂੰ ਮੁੱਖ ਸ਼ੱਕੀ ਵਜੋਂ ਵਿਸ਼ਾਲ ਕੁਮਾਰ ਤੇ ਪਿੰਡ ਘੰਗਰੋਲੀ, ਸਮਾਣਾ, ਪਟਿਆਲਾ ਦੇ ਵਾਸੀ ਉਸ ਦੇ ਸਾਥੀ ਕਸ਼ਮੀਰ ਸਿੰਘ ਉਰਫ਼ ਬੌਬੀ ਦੀ ਪਛਾਣ ਕਰਨ ਵਿੱਚ ਸਫ਼ਲਤਾ ਮਿਲੀ। ਉਨ੍ਹਾਂ ਦੱਸਿਆ ਕਿ ਭਰੋਸੇਮੰਦ ਜਾਣਕਾਰੀ ਉਪਰੰਤ ਐਸਐਸਓਸੀ ਦੀਆਂ ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਸੰਭਾਵਿਤ ਛੁਪਣਗਾਹਾਂ 'ਤੇ ਛਾਪੇਮਾਰੀ ਕੀਤੀ ਅਤੇ ਟੀਡੀਆਈ ਵੈਲਿੰਗਟਨ ਸਿਟੀ ਤੋਂ ਵਿਸ਼ਾਲ ਕੁਮਾਰ ਨੂੰ ਜਦੋਂ ਉਹ ਕਸ਼ਮੀਰ ਸਿੰਘ ਉਰਫ਼ ਬੌਬੀ ਨੂੰ ਮਿਲਣ ਜਾ ਰਿਹਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਤੇ ਪੁਲਿਸ ਟੀਮ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਏ.ਆਈ.ਜੀ. ਕਪੂਰ ਨੇ ਦੱਸਿਆ ਕਿ ਕਸ਼ਮੀਰ ਉਰਫ਼ ਬੌਬੀ ਚੰਡੀਗੜ੍ਹ, ਮੋਹਾਲੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਨਾਈਟ ਕਲੱਬਾਂ ਤੇ ਬਾਰਾਂ ਦੇ ਮਾਲਕਾਂ ਸਮੇਤ ਅਮੀਰ ਵਿਅਕਤੀਆਂ ਨੂੰ ਫੋਨ ਕਰ ਕੇ ਫਿਰੌਤੀ ਮੰਗਦਾ ਸੀ ਅਤੇ ਧਮਕੀਆਂ ਦਿੰਦਾ ਸੀ, ਜਦੋਂਕਿ ਵਿਸ਼ਾਲ ਇਨ੍ਹਾਂ ਵਿਅਕਤੀਆਂ ਤੋਂ ਫਿਰੌਤੀ ਦੀ ਰਕਮ ਵਸੂਲਣ ਲਈ ਉਨ੍ਹਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਸ਼ਾਲ ਕੁਮਾਰ ਅਤੇ ਕਸ਼ਮੀਰ ਉਰਫ਼ ਬੌਬੀ ਨੇ "ਸਕੱਲ" ਕਲੱਬ, ਮੋਹਾਲੀ ਦੇ ਮਾਲਕ ਤੋਂ ਪੈਸੇ ਵਸੂਲ ਕਰਨ ਲਈ 11 ਮਈ, 2023 ਨੂੰ ਉਸਦੇ ਘਰ 'ਤੇ ਹਮਲਾ ਵੀ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ ਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ