Rekha Gupta Oath: ਭਾਜਪਾ ਆਗੂ ਰੇਖਾ ਗੁਪਤਾ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ ਲਿਆ। ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੇਖਾ ਗੁਪਤਾ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
Trending Photos
Rekha Gupta Oath : ਭਾਜਪਾ ਆਗੂ ਰੇਖਾ ਗੁਪਤਾ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ ਲਿਆ।ਰਾਮਲੀਲਾ ਮੈਦਾਨ ਵਿੱਚ ਹੋਏ ਸ਼ਾਨਦਾਰ ਸਹੁੰ ਚੁੱਕ ਸਮਾਗਮ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਉਨ੍ਹਾਂ ਨੂੰ ਅਹੁਦੇ ਤੇ ਗੁਪਨਿਯਤਾ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਪ੍ਰਦੇਸ਼ ਭਾਜਪਾ ਦਫ਼ਤਰ ਵਿਖੇ ਕੇਂਦਰੀ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ।
ਇਸ ਤੋਂ ਇਲਾਵਾ ਪ੍ਰਵੇਸ਼ ਵਰਮਾ, ਆਸ਼ੀਸ਼ ਸੂਦ, ਪੰਕਜ ਸਿੰਘ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ ਅਤੇ ਰਵਿੰਦਰ ਇੰਦਰਾਜ਼ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ, ਦੇਵੇਂਦਰ ਫੜਨਵੀਸ, ਰਾਜਨਾਥ ਸਿੰਘ,ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ।
ਇਹ ਪਾਰਟੀ ਲਈ ਇਤਿਹਾਸਕ ਦਿਨ ਹੈ ਕਿਉਂਕਿ ਭਾਜਪਾ 27 ਸਾਲਾਂ ਬਾਅਦ ਰਾਜਧਾਨੀ ਵਿੱਚ ਸੱਤਾ ਵਿੱਚ ਵਾਪਸ ਆਈ ਹੈ। ਰੇਖਾ ਗੁਪਤਾ ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਿਤ ਅਤੇ ਆਤਿਸ਼ੀ ਤੋਂ ਬਾਅਦ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੈ। ਰੇਖਾ ਗੁਪਤਾ ਨੇ ਦਿੱਲੀ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਨੂੰ ਹਰਾਇਆ ਸੀ। ਰੇਖਾ ਗੁਪਤਾ ਇਸ ਸੀਟ ਤੋਂ 29000 ਤੋਂ ਵੱਧ ਵੋਟਾਂ ਨਾਲ ਜੇਤੂ ਰਹੀ।
ਰੇਖਾ ਗੁਪਤਾ ਦਿੱਲੀ ਦੀ ਨੌਵੀਂ ਮੁੱਖ ਮੰਤਰੀ ਬਣੀ। ਰੇਖਾ ਗੁਪਤਾ ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਲੀਮਾਰ ਬਾਗ ਤੋਂ ਵਿਧਾਇਕ ਚੁਣੀ ਗਈ ਹੈ। ਉਹ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦੀ ਚੌਥੀ ਮੁੱਖ ਮੰਤਰੀ ਬਣ ਗਈ ਹੈ। ਇਸ ਦੇ ਨਾਲ ਹੀ ਉਹ ਭਾਜਪਾ ਦੇ ਸ਼ਾਸਨ ਵਾਲੇ ਕਿਸੇ ਵੀ ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਵੀ ਬਣ ਗਈ ਹੈ।
ਬੁੱਧਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ 50 ਸਾਲਾ ਰੇਖਾ ਗੁਪਤਾ ਨੂੰ ਅੱਠਵੀਂ ਦਿੱਲੀ ਵਿਧਾਨ ਸਭਾ 'ਚ ਸਦਨ ਦੀ ਨੇਤਾ ਚੁਣਿਆ ਗਿਆ। ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 70 'ਚੋਂ 48 ਸੀਟਾਂ 'ਤੇ ਜਿੱਤ ਹਾਸਲ ਕਰਕੇ ਆਮ ਆਦਮੀ ਪਾਰਟੀ (ਆਪ) ਦੇ ਦਹਾਕਿਆਂ ਤੋਂ ਚੱਲੇ ਆ ਰਹੇ ਸ਼ਾਸਨ ਦਾ ਅੰਤ ਕਰ ਦਿੱਤਾ ਹੈ।