Amritsar Firing News: ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੁੱਟਖੋਹ, ਕਤਲ ਤੇ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।
Trending Photos
Amritsar Firing News (ਭਰਤ ਸ਼ਰਮਾ): ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੁੱਟਖੋਹ, ਕਤਲ ਤੇ ਫਾਇਰਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕਸਬਾ ਜੰਡਿਆਲਾ ਗੁਰੂ ਵਿੱਚੋਂ ਵੀ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਨੂੰ ਲੈ ਕੇ ਇਲਾਕੇ ਦੇ ਲੋਕ ਕਾਫੀ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਦਿਖਾਈ ਦੇ ਰਹੇ ਹਨ। ਦੇਰ ਰਾਤ ਨੂੰ ਕਸਬਾ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੂਪੁਰਾ ਵਿੱਚ ਅਣਪਛਾਤੇ ਲੋਕਾਂ ਵੱਲੋਂ ਇੱਕ ਕਾਂਗਰਸੀ ਆਗੂ ਦੇ ਘਰ ਉਤੇ ਕਥਿਤ ਫਾਇਰਿੰਗ ਕੀਤੀ ਗਈ ਹੈ। ਉਕਤ ਘਟਨਾ ਦੀ ਸੂਚਨਾ ਮਿਲਣ ਉੱਤੇ ਐਸਐਚਓ ਥਾਣਾ ਜੰਡਿਆਲਾ ਗੁਰੂ ਪਲਵਿੰਦਰ ਸਿੰਘ ਭਾਰੀ ਪੁਲਿਸ ਬਲ ਸਮੇਤ ਮੌਕੇ ਉੱਤੇ ਪੁੱਜੇ ਅਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਚਓ ਜੰਡਿਆਲਾ ਗੁਰੂ ਪਲਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਉਹ ਘਟਨਾ ਦੀ ਜਾਂਚ ਪੜਤਾਲ ਕਰ ਰਹੇ ਹਨ। ਹਾਲਾਂਕਿ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਚਾਰ ਤੋਂ ਪੰਜ ਗੋਲੀਆਂ ਦੇ ਖੋਲ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਕਤ ਘਟਨਾ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਂਗਰਸੀ ਆਗੂ ਬਲਵਿੰਦਰ ਸਿੰਘ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਇਹ ਮਾਮਲਾ ਕਥਿਤ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਜਾਪਦਾ ਹੈ ਪਰ ਪੁਲਿਸ ਫਿਲਹਾਲ ਇਸ ਦੀ ਵੀ ਤਫਤੀਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਜ਼ਦੀਕੀ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਲਿਜਾਣ ਤੋਂ ਬਾਅਦ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੋਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇੱਕ ਹੋਰ ਮਾਮਲੇ ਵਿੱਚ ਜੰਡਿਆਲਾ ਗੁਰੂ 'ਚ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 5 ਅਣਪਛਾਤੇ ਨੌਜਵਾਨਾਂ ਵੱਲੋਂ ਇਕ ਨੌਜਵਾਨ 'ਤੇ ਫਾਇਰਿੰਗ ਕੀਤੀ ਹੈ। ਜਾਣਕਾਰੀ ਮੁਤਾਬਕ ਰਾਮ ਸ਼ਰਨ ਦਾ ਕਾਫ਼ੀ ਸਮੇਂ ਪਹਿਲਾਂ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ।
ਅੱਜ ਜਦ ਉਸ ਦਾ ਪੁੱਤਰ ਅਕਾਸ਼ਦੀਪ ਗੁਨੋਵਾਲ ਰੋਡ ਨਜ਼ਦੀਕ ਸ਼ਮਸ਼ਾਨਘਾਟ ਨੇੜਿਓਂ ਜਾ ਰਿਹਾ ਸੀ ਤਾਂ ਇਸ ਦੌਰਾਨ 5 ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ, ਜਿਸ 'ਚ ਨੌਜਵਾਨ ਅਕਾਸ਼ਦੀਪ ਦੇ ਪੈਰ 'ਚ ਗੋਲੀ ਲੱਗ ਗਈ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫਾਇਰਿੰਗ ਮਗਰੋਂ ਅਣਪਛਾਤੇ ਮੌਕੇ 'ਤੇ ਫਰਾਰ ਹੋ ਗਏ। ਇਸ ਦੌਰਾਨ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।