Punjab Election Commission: ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ 'ਚ ਭਾਰਤੀ ਫ਼ੌਜ ਉੱਤੇ ਹੋਏ ਅੱਤਵਾਦੀ ਹਮਲੇ ਨੂੰ 'ਸਟੰਟ' ਦੱਸਿਆ ਸੀ।
Trending Photos
Punjab Election Commission: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਚਰਨਜੀਤ ਚੰਨੀ ਵੱਲੋਂ ਪੁੰਛ ਅੱਤਵਾਦੀ ਹਮਲੇ 'ਤੇ ਟਿੱਪਣੀ ਕਰਨ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਾਰ ਦਿੱਤਾ। ਪੰਜਾਬ ਦੇ ਸੀਈਓ ਸਿਬਿਨ ਸੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ, "ਜਲੰਧਰ ਜ਼ਿਲ੍ਹਾ ਚੋਣ ਅਧਿਕਾਰੀ ਦੀ ਰਿਪੋਰਟ ਦੇ ਅਨੁਸਾਰ, ਇਹ (ਚੰਨੀ ਦੀ ਟਿੱਪਣੀ) ਐਮਸੀਸੀ (ਮਾਡਲ ਕੋਡ ਆਫ਼ ਕੰਡਕਟ) ਦੀ ਉਲੰਘਣਾ ਹੈ।" ਜਿਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਇਸ ਮਾਮਲੇ 'ਤੇ ਅਗਲੀ ਕਾਰਵਾਈ ਲਈ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ 4 ਮਈ ਨੂੰ ਅੱਤਵਾਦੀਆਂ ਨੇ ਭਾਰਤੀ ਹਵਾਈ ਫੌਜ (IAF) ਦੇ ਕਾਫਲੇ 'ਤੇ ਹਮਲਾ ਕੀਤਾ ਸੀ, ਜਿਸ 'ਚ ਇਕ ਫੌਜੀ ਸ਼ਹੀਦ ਹੋ ਗਿਆ ਸੀ ਅਤੇ 4 ਜ਼ਖਮੀ ਹੋ ਗਏ ਸਨ।
ਭਾਰਤੀ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਹਮਲੇ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਸੀ, ''ਇਹ ਸਾਰੇ ਸਟੰਟ ਹਨ, ਹਮਲੇ ਨਹੀਂ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਅਜਿਹੇ ਸਟੰਟ ਕੀਤੇ ਜਾਂਦੇ ਹਨ। ਭਾਜਪਾ ਨੂੰ ਜਿੱਤ ਦਿਉ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਲੋਕਾਂ ਦੀਆਂ ਜਾਨਾਂ ਅਤੇ ਲਾਸ਼ਾਂ ਨਾਲ ਖੇਡਣਾ ਜਾਣਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਕੀਤੀ ਇਸ ਟਿੱਪਣੀ ਨੂੰ ਲੈ ਕੇ ਸਵਾਲ ਚੁੱਕੇ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੰਨੀ ਦੀ ਟਿੱਪਣੀ ਨੂੰ ‘ਨਿੰਦਾਯੋਗ’ ਕਰਾਰ ਦਿੱਤਾ ਸੀ ਅਤੇ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਸੀ ਕਿ ਉਹ ਸੈਨਿਕਾਂ ਦਾ ਅਪਮਾਨ ਕਰਨ ਲਈ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗੇ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਚੰਨੀ ਦੇ ਬਿਆਨ ਨੂੰ ਸੈਨਿਕਾਂ ਪ੍ਰਤੀ ਘਿਨੌਣਾ ਤੇ ਅਪਮਾਨਜਨਕ ਦੱਸਿਆ ਸੀ।
ਚੰਨੀ ਨੇ ਬਾਅਦ ਵਿੱਚ ਕਿਹਾ ਸੀ ਕਿ ਉਸਨੂੰ ਦੇਸ਼ ਦੇ ਸੈਨਿਕਾਂ 'ਤੇ ਮਾਣ ਹੈ ਪਰ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਕੇਂਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਹਮਲਾ ਕਿਸ ਨੇ ਕੀਤਾ ਸੀ।