ਟਰਾਂਸਪੋਰਟ ਟੈਂਡਰ ਘੁਟਾਲਾ ਕਾਂਗਰਸੀ ਲੀਡਰਾਂ ਦੇ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ, ਹੁਣ ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਵਲੋਂ ਪਿੰਡ ਈਸੇਵਾਲ ’ਚ ਛਾਪਾ ਮਾਰਿਆ ਗਿਆ ਹੈ।
Trending Photos
ਚੰਡੀਗੜ੍ਹ: ਟਰਾਂਸਪੋਰਟ ਟੈਂਡਰ ਘੁਟਾਲਾ ਕਾਂਗਰਸੀ ਲੀਡਰਾਂ ਦੇ ਗਲ਼ੇ ਦੀ ਹੱਡੀ ਬਣਦਾ ਜਾ ਰਿਹਾ ਹੈ, ਹੁਣ ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਵਲੋਂ ਪਿੰਡ ਈਸੇਵਾਲ ’ਚ ਛਾਪਾ ਮਾਰਿਆ ਗਿਆ ਹੈ।
ਕੈਪਟਨ ਸੰਦੀਪ ਸੰਧੂ ਦਾ OSD ਹੈ ਮਨਪ੍ਰੀਤ ਈਸੇਵਾਲ
ਇਸ ਛਾਪੇ ਦੌਰਾਨ ਵਿਜੀਲੈਂਸ ਨੂੰ 85 ਜਾਇਦਾਦਾਂ ਦੀਆਂ ਰਜਿਸਟਰੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਰਜਿਸਟਰੀਆਂ ਦੇ ਮਾਮਲੇ ’ਚ ਕਾਂਗਰਸੀ ਆਗੂ ਮਨਪ੍ਰੀਤ ਈਸੇਵਾਲ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਸੰਦੀਪ ਸੰਧੂ ਦੇ OSD ਮਨਪ੍ਰੀਤ ਸਿੰਘ ਈਸੇਵਾਲ ਨੂੰ ਪੁਲਿਸ ਨੇ ਕੁਝ ਦੇਰ ਲਈ ਹਿਰਾਸਤ ’ਚ ਲਿਆ ਸੀ, ਪਰ ਪੁਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਸੀ। ਉਥੇ ਹੀ ਅੱਜ ਮਨਪ੍ਰੀਤ ਆਪਣੀ ਜਾਇਦਾਦ ਨਾਲ ਸਬੰਧਤ ਅਤੇ ਹੋਰ ਰਿਕਾਰਡ ਦੇ ਨਾਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਗੇ।
ਥੋੜੇ ਹੀ ਸਾਲਾਂ ’ਚ ਬਣਾਈ ਜਾਇਦਾਦ ਕਾਰਨ ਜਾਂਚ ਦੇ ਘੇਰੇ ’ਚ ਮਨਪ੍ਰੀਤ
ਦਿਲਚਸਪ ਗੱਲ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ 2 ਤੋਂ 3 ਸਾਲ ਪਹਿਲਾਂ ਮਨਪ੍ਰੀਤ ਕੋਲ ਇੰਨੀ ਜਾਇਦਾਦ ਨਹੀਂ ਸੀ। ਜਦੋਂ ਮਨਪ੍ਰੀਤ ਸੰਦੀਪ ਸੰਧੂ ਤੇ ਭਾਰਤ ਭੂਸ਼ਣ ਵਰਗੇ ਲੀਡਰਾਂ ਦੇ ਸੰਪਰਕ ’ਚ ਆਇਆ ਉਸਨੇ ਪਿੱਛੇ ਮੁੜਕੇ ਨਹੀਂ ਵੇਖਿਆ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਸੀਨੀਅਰ ਪੁਲਿਸ ਕਪਤਾਨ (SSP) ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਟਰਾਂਸਪੋਰਟ ਟੈਂਡਰ ਘੁਟਾਲੇ ਦੀ ਜਾਂਚ ਦੌਰਾਨ ਮਨਪ੍ਰੀਤ ਦਾ ਨਾਮ ਸਾਹਮਣੇ ਆਇਆ ਸੀ। ਹੁਣ ਵਿਜੀਲੈਂਸ ਇਹ ਜਾਂਚ ’ਚ ਜੁੱਟੀ ਹੈ ਕਿ ਮਨਪ੍ਰੀਤ ਭਾਰਤ ਭੂਸ਼ਣ ਆਸ਼ੂ ਨੂੰ ਕਿਵੇਂ ਜਾਣਦਾ ਹੈ, ਅਤੇ ਹੋਰ ਕਿਹੜੇ ਕਿਹੜੇ ਕਾਂਗਰਸੀ ਲੀਡਰਾਂ ਉਸਦੇ ਸੰਪਰਕ ’ਚ ਹਨ। ਦੱਸ ਦੇਈਏ ਕਿ ਸ਼ੁਰੂ ਤੋਂ ਟਰਾਂਸਪੋਰਟ ਟੈਂਡਰ ਘੁਟਾਲੇ ’ਚ ਕੈਪਟਨ ਅਮਰਿੰਦਰ ਸਿੰਘ ਦੇ ਖਾਸਮਖਾਸ ਰਹੇ ਕੈਪਟਨ ਸੰਦੀਪ ਸੰਧੂ ਦਾ ਜ਼ਿਕਰ ਹੁੰਦਾ ਆਇਆ ਹੈ।
ਕੈਪਟਨ ਦੇ ਖਾਸਮਖਾਸ ਸੰਦੀਪ ਸੰਧੂ ਤੋਂ ਵੀ ਕੀਤਾ ਜਾ ਸਕਦੀ ਹੈ ਪੁਛਗਿੱਛ
ਅਜਿਹੇ ’ਚ ਜੇਕਰ ਟਰਾਂਸਪੋਰਟ ਟੈਂਡਰ ਘੁਟਾਲੇ ’ਚ ਵਿਜੀਲੈਂਸ ਨੂੰ ਕੈਪਟਨ ਸੰਧੂ ਦੀ ਭੂਮਿਕਾ ਨਜ਼ਰ ਆਈ ਤਾਂ ਉਨਾਂ ਤੋਂ ਵੀ ਪੁਛਗਿੱਛ ਕੀਤੀ ਜਾ ਸਕਦੀ ਹੈ। ਵਿਜੀਲੈਂਸ ਨੂੰ ਇਹ ਵੀ ਜਾਣਕਾਰੀ ਮਿਲੀ ਮਨਪ੍ਰੀਤ ਕੋਲ ਹੀ ਮੰਤਰੀ ਅਤੇ ਉਸਦੇ ਹੋਰਨਾਂ ਕਰੀਬੀਆਂ ਨੇ ਵੱਡੀ ਗਿਣਤੀ ’ਚ ਪੈਸੇ ਆਦਿ ਛੁਪਾਏ ਹੋਏ ਹਨ, ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਟਰਾਂਸਪੋਰਟ ਟੈਂਡਰ ਘੁਟਾਲੇ ਤੋਂ ਬਾਅਦ ਲਗਾਤਾਰ ਹੋ ਰਹੇ ਖੁਲਾਸੇ
ਪਿਛਲੀ ਕਾਂਗਰਸ ਸਰਕਾਰ ਦੌਰਾਨ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ’ਤੇ 2 ਹਜ਼ਾਰ ਕਰੋੜ ਟੈਂਡਰ ਘੁਟਾਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਮੰਤਰੀ ਆਸ਼ੂ ’ਤੇ ਛੋਟੇ ਠੇਕੇਦਾਰਾਂ ਨੇ ਦੋਸ਼ ਲਗਾਏ ਕਿ ਪੰਜਾਬ ਦੀਆਂ ਮੰਡੀਆਂ ’ਚ ਲੇਬਰ ਅਤੇ ਟਰਾਂਸਪੋਰਟ ਦੇ ਟੈਂਡਰਾਂ ’ਚ ਵੱਡੇ ਪੱਧਰ ’ਤੇ ਗੜਬੜੀ ਕੀਤੀ ਗਈ। ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕਰਦਿਆਂ ਕੁਝ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਇਆ ਗਿਆ। ਜਦਕਿ ਮੰਤਰੀ ਆਸ਼ੂ ਦਾ ਕਹਿਣਾ ਹੈ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਾਲੀ ਕਮੇਟੀਆਂ ਅਲਾਟ ਕਰਦੀਆਂ ਹਨ, ਉਨ੍ਹਾਂ ’ਤੇ ਸਿਆਸੀ ਰਜਿੰਸ਼ ਤਹਿਤ ਝੂਠੇ ਦੋਸ਼ ਲਗਾਏ ਜਾ ਰਹੇ ਹਨ।