Manpreet Badal News: ਵਿਧਾਨ ਸਭਾ ਹਲਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਹਾਰ ਮਗਰੋਂ ਵੱਡਾ ਬਿਆਨ ਦਿੱਤਾ ਹੈ।
Trending Photos
Manpreet Badal News: ਵਿਧਾਨ ਸਭਾ ਹਲਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਹਾਰ ਮਗਰੋਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਜਿੰਨੀ ਦੌਲਤ ਹਰ ਗ਼ਰੀਬ ਕੋਲ ਹੋਵੇ।
ਕਰੀਬ ਸਾਢੇ ਤਿੰਨ ਮਿੰਟ ਦੀ ਇਸ ਵੀਡੀਓ ਵਿੱਚ ਉਨ੍ਹਾਂ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਨੂੰ ਵੋਟ ਪਾਉਣ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਡਿੰਪੀ ਢਿੱਲੋਂ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੰਕਾਰੀ ਕਹਿ ਕੇ ਵਿਅੰਗ ਵੀ ਕੀਤਾ ਹੈ।
ਵੀਡੀਓ ਰਾਹੀਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਦੇ ਚੋਣ ਮੈਦਾਨ ਵਿੱਚ ਪੁਰਾਣੇ ਰਿਸ਼ਤਿਆਂ ਨੂੰ ਮੁੜ ਪੱਕਾ ਕਰਨ ਲਈ ਦੋ ਮਹੀਨੇ ਦਾ ਸਮਾਂ ਕਾਫੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਉਦੇਸ਼ ਗਿੱਦੜਬਾਹਾ ਦੇ ਲੋਕਾਂ ਨਾਲ ਸਾਰੀ ਉਮਰ ਜੁੜੇ ਰਹਿਣਾ ਹੈ ਅਤੇ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ।
ਇਸ ਚੋਣ ਮੁਕਾਬਲੇ ਵਿੱਚ ਮਨਪ੍ਰੀਤ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਾਂਗਰਸ ਦੀ ਅੰਮ੍ਰਿਤਾ ਵੜਿੰਗ ਅਤੇ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵੀ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਡਿੰਪੀ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ।
ਰਾਜਾ ਵੜਿੰਗ 'ਤੇ ਨਿਸ਼ਾਨਾ ਬਣਾਇਆ
ਮਨਪ੍ਰੀਤ ਨੇ ਇਸ ਵਾਰ ਗਿੱਦੜਬਾਹਾ ਤੋਂ ਵਿਧਾਇਕ ਰਹਿ ਚੁੱਕੇ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਹੈ, ਜੋ ਇਸ ਵਾਰ ਕਾਂਗਰਸੀ ਉਮੀਦਵਾਰ ਸਨ। ਮਨਪ੍ਰੀਤ ਨੇ ਦੋਸ਼ ਲਾਇਆ ਕਿ ਵੜਿੰਗ ਨੇ ਬਿਆਨਾਂ ਰਾਹੀਂ ਆਪਣੀ ਰਾਜਨੀਤੀ ਤਾਂ ਭੜਕਾਈ ਪਰ ਗਿੱਦੜਬਾਹਾ ਦੇ ਲੋਕਾਂ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੇ ਸਿਰਫ ਆਪਣੀ ਦੌਲਤ ਬਣਾਈ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਨਤੀਜੇ ਸਾਡੀਆਂ ਉਮੀਦਾਂ ਮੁਤਾਬਕ ਨਹੀਂ ਰਹੇ। ਜਿੱਤ ਅਤੇ ਹਾਰ ਮਨੁੱਖ ਦੇ ਗਹਿਣੇ ਹਨ। ਜਦੋਂ ਵੀ ਰੱਬ ਨੇ ਜਿੱਤ ਜਾਂ ਇੱਜ਼ਤ ਦਿੱਤੀ ਹੈ, ਸਿਰ ਝੁਕਾਇਆ ਹੈ। ਜਦੋਂ ਵੀ ਹਾਰ ਹੁੰਦੀ ਹੈ, ਮੈਂ ਆਪਣਾ ਸਿਰ ਉੱਚਾ ਰੱਖਦਾ ਹਾਂ ਅਤੇ ਆਪਣੀਆਂ ਕਮੀਆਂ ਨੂੰ ਲੱਭਦਾ ਹਾਂ। ਮੈਂ ਅਗਲੇ ਦੋ ਮਹੀਨਿਆਂ ਵਿੱਚ ਮਨਪ੍ਰੀਤ ਦੀਆਂ ਕਮੀਆਂ ਅਤੇ ਨਾਕਾਮੀਆਂ ਨੂੰ ਦੂਰ ਕਰਾਂਗਾ।