ਮਜੀਠੀਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਇਸ ਲੜਾਈ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
Trending Photos
ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਮਜੀਠੀਆ ਵਲੋਂ ਹਿੰਦੂ ਲੀਡਰ ਸੁਧੀਰ ਸੂਰੀ ਦੇ ਕਤਲ ਮਾਮਲੇ ’ਚ ਨਾਮਜ਼ਦ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਪ੍ਰੈਸ-ਕਾਨਫ਼ਰੰਸ ਕੀਤੀ ਗਈ।
ਉਨ੍ਹਾਂ CM ਭਗਵੰਤ ਮਾਨ (Bhagwant Mann) ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਤੱਤਾਂ ਖ਼ਿਲਾਫ਼ ਕਾਰਵਾਈ ਕਰਨ ’ਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ ਜੋ ਲੋਕਾਂ ਦੀ ਸੋਚ ਦਾ ਧਾਰਮਿਕ ਲੀਹਾਂ ਅਨੁਸਾਰ ਧਰੁਵੀਕਰਨ ਕਰਕੇ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮਜੀਠੀਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪ੍ਰਸ਼ਾਸਨ ਜਾਣਬੁੱਝ ਕੇ ਇਸ ਲੜਾਈ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ੁਰਮ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਇਸਦੇ ਬਾਵਜੂਦ ਸੁਧੀਰ ਸੂਰੀ (Sudhir Suri) ਦੇ ਸਮਰਥਕਾਂ ਵਲੋਂ ਸੰਦੀਪ ਸਿੰਘ ਦੇ ਭਰਾ ਦੀ ਦੁਕਾਨ ’ਤੇ ਤੋੜ-ਫੋੜ ਕੀਤੀ ਗਈ।
ਇਸ ਦੌਰਾਨ ਦੁਕਾਨ ’ਤੇ ਮੌਜੂਦ ਕੰਮ ਕਰਨ ਵਾਲੇ ਬੰਦਿਆਂ ਨਾਲ ਵੀ ਸੂਰੀ ਦੇ ਸਮਰਥਕਾਂ ਦੁਆਰਾ ਧੱਕਾਮੁੱਕੀ ਕੀਤੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਸੌਂਪੀ ਗਈ ਹੈ, ਸਬੂਤਾਂ ਦੇ ਹੁੰਦਿਆ ਪੁਲਿਸ ਦੁਆਰਾ ਕਿਸੇ ਪ੍ਰਕਾਰ ਦੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਜਿਹੜੇ ਸ਼ਰਾਰਤੀ ਅਨਸਰਾਂ ਦੁਆਰਾ ਸੰਦੀਪ ਦੇ ਭਰਾ ਹਰਦੀਪ ਸਿੰਘ ਦੀ ਦੁਕਾਨ ਨੂੰ ਅੱਗ ਲਗਾਈ ਗਈ, ਉਨ੍ਹਾਂ ਖ਼ਿਲਾਫ਼ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਹਰਦੀਪ ਸਿੰਘ ਦਾ ਸੁਧੀਰ ਸੂਰੀ ਦੇ ਕਤਲ ਮਾਮਲੇ ’ਚ ਕੋਈ ਰੋਲ ਨਹੀਂ ਹੈ। ਪਰ ਫੇਰ ਵੀ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੇ ਸ਼ਰਾਰਤੀ ਅਨਸਰ ਇਸਨੂੰ ਹਿੰਦੂ-ਸਿੱਖ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਦੰਗਾ ਭੜਕਾਉਣ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ’ਚ ਦੋਗਲਾ ਮਿਆਰ ਅਪਣਾ ਰਹੀ ਹੈ।
ਮਜੀਠੀਆ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਹਿੰਦੂ-ਸਿੱਖ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਸੂਬਾ ਸਰਕਾਰ ਅੱਗੇ ਵੀ ਅਪੀਲ ਕੀਤੀ ਕਿ ਧਰਮ ਦੇ ਅਧਾਰ ’ਤੇ ਵਿਤਕਰਾ ਨਾ ਕੀਤਾ ਜਾਵੇ ਬਲਕਿ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕੀਤਾ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਜੋ ਦੂਜੇ ਧਰਮਾਂ ਪ੍ਰਤੀ ਜ਼ਹਿਰ ਉਗਲਦੇ ਹਨ, ਉਨ੍ਹਾਂ ਨੂੰ ਕੋਈ ਸਕਿਓਰਟੀ ਨਾ ਦਿੱਤੀ ਜਾਵੇ ਬਲਕਿ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜੋ ਕਿ ਸੂਬੇ ’ਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤਰੱਕੀ ਤੇ ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹੈ।