Machiwada News: ਸੇਵਾਮੁਕਤ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ।
Trending Photos
Machiwada News: ਲੁਧਿਆਣਾ ਦੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਅੱਜ ਮਾਛੀਵਾੜਾ ਵਿੱਚ ਇੱਕ ਸੇਵਾਮੁਕਤ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਵਿਭਾਗ ਦੀ ਟੀਮ ਨੇ ਪਿੰਡ ਫਸੇ ਮੋਹਨ ਮਾਜਰਾ ਦੇ ਵਸਨੀਕ ਸੁਖਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ।
ਵਿਜੀਲੈਂਸ ਟੀਮ ਨੇ ਪੱਤਰਕਾਰਾਂ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ, ਪਰ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸੁਖਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਉਸਦੀ ਕਾਰ ਮਾਛੀਵਾੜਾ ਪੁਲਿਸ ਸਟੇਸ਼ਨ ਵਿੱਚ ਜ਼ਬਤ ਕੀਤੀ ਗਈ ਹੈ, ਜਿਸ ਲਈ ਇੱਕ ਸੇਵਾਮੁਕਤ ਪੁਲਿਸ ਕਰਮਚਾਰੀ ਬਲਵਿੰਦਰ ਸਿੰਘ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਅੱਜ ਜਦੋਂ ਬਲਵਿੰਦਰ ਸਿੰਘ ਬੱਸ ਸਟੈਂਡ ਨੇੜੇ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਣ ਆਇਆ ਤਾਂ ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ।
ਵਿਜੀਲੈਂਸ ਵਿਭਾਗ ਦੀ ਟੀਮ ਨੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਛੀਵਾੜਾ ਪੁਲਿਸ ਸਟੇਸ਼ਨ ਗਈ ਜਿੱਥੇ ਕੁਆਰਟਰਾਂ ਨੇੜੇ ਉਹ ਕਾਰ ਬਰਾਮਦ ਕਰ ਲਈ ਗਈ ਜਿਸ ਲਈ ਰਿਸ਼ਵਤ ਮੰਗੀ ਗਈ ਸੀ। ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਿਸ ਮੁਲਾਜ਼ਮਾਂ ਨੇ ਨਾਕੇਬੰਦੀ ਦੌਰਾਨ ਕਾਰ ਨੂੰ ਰੋਕਿਆ ਪਰ ਕਾਰ ਸਵਾਰ ਸ਼ੱਕੀ ਹਾਲਤ ਵਿੱਚ ਕਾਰ ਛੱਡ ਕੇ ਮੌਕੇ ਤੋਂ ਭੱਜ ਗਏ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਅਤੇ ਥਾਣੇ ਲਿਆਂਦਾ।
ਬਲਵਿੰਦਰ ਸਿੰਘ, ਜੋ ਕਿ ਮਾਛੀਵਾੜਾ ਪੁਲਿਸ ਸਟੇਸ਼ਨ ਦਾ ਕਰਮਚਾਰੀ ਵੀ ਹੈ, ਕਾਰ ਦੇ ਮਾਲਕ ਸੁਖਵੀਰ ਸਿੰਘ ਨਾਲ ਕਾਰ ਛੱਡਣ ਲਈ ਗੱਲਬਾਤ ਕਰ ਰਿਹਾ ਸੀ, ਜਿਸ ਵਿੱਚ 10,000 ਰੁਪਏ ਰਿਸ਼ਵਤ ਲੈਣ ਦਾ ਫੈਸਲਾ ਹੋਇਆ, ਜਿਸ ਵਿੱਚ ਉਸਨੂੰ ਫੜ ਲਿਆ ਗਿਆ। ਵਿਜੀਲੈਂਸ ਟੀਮ ਮਾਛੀਵਾੜਾ ਪੁਲਿਸ ਸਟੇਸ਼ਨ ਆਈ ਅਤੇ ਇਹ ਵੀ ਜਾਂਚ ਕੀਤੀ ਕਿ ਇਹ ਰਿਸ਼ਵਤ ਦੀ ਰਕਮ ਕਿਸ ਪੁਲਿਸ ਅਧਿਕਾਰੀ ਕੋਲ ਜਾਣੀ ਸੀ।
ਫਿਲਹਾਲ ਵਿਜੀਲੈਂਸ ਟੀਮ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣਾ ਲੈ ਗਈ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਿਸ਼ਵਤਖੋਰੀ ਦਾ ਮਾਮਲਾ ਹੈ, ਜਿਸ ਬਾਰੇ ਪੂਰੀ ਜਾਣਕਾਰੀ ਵਿਭਾਗ ਦੇ ਐਸਐਸਪੀ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਵਿੱਚ ਹੋਰ ਕੌਣ ਸ਼ਾਮਲ ਸੀ।