ਪਤੀ ਨਾਲ 31 ਲੱਖ ਦੀ ਧੋਖਾਧੜੀ ’ਚ ਨਾਮਜ਼ਦ ਕੈਨੇਡੀਅਨ ਪਤਨੀ ਨੇ ਵੀ ਕਰ ਦਿੱਤੇ ਖੁਲਾਸੇ
Advertisement
Article Detail0/zeephh/zeephh2649848

ਪਤੀ ਨਾਲ 31 ਲੱਖ ਦੀ ਧੋਖਾਧੜੀ ’ਚ ਨਾਮਜ਼ਦ ਕੈਨੇਡੀਅਨ ਪਤਨੀ ਨੇ ਵੀ ਕਰ ਦਿੱਤੇ ਖੁਲਾਸੇ

Machhiwara News: ਪਤੀ ਨੇ ਆਪਣੀ ਕੈਨੇਡੀਅਨ ਪਤਨੀ 'ਤੇ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਪਤਨੀ ਨੇ ਇਨਕਾਰ ਕੀਤਾ ਅਤੇ ਖੁਲਾਸੇ ਕੀਤੇ।

 

ਪਤੀ ਨਾਲ 31 ਲੱਖ ਦੀ ਧੋਖਾਧੜੀ ’ਚ ਨਾਮਜ਼ਦ ਕੈਨੇਡੀਅਨ ਪਤਨੀ ਨੇ ਵੀ ਕਰ ਦਿੱਤੇ ਖੁਲਾਸੇ

Machhiwara News: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ’ਤੇ ਪਤਨੀ ਜਤਿੰਦਰ ਕੌਰ ਅਤੇ ਸਹੁਰਾ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂਸ਼ਹਿਰ ਖਿਲਾਫ਼ ਵਿਦੇਸ਼ ਨਾ ਲੈ ਕੇ ਜਾਣ ਦੇ ਕਥਿਤ ਦੋਸ਼ ਹੇਠ 31 ਲੱਖ ਰੁਪਏ ਦੀ ਧੋਖਾਧੜੀ ਕਰਨ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਅੱਜ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਵੀ ਮੀਡੀਆ ਵਿਚ ਆਪਣਾ ਪੱਖ ਪੇਸ਼ ਕਰ ਕਈ ਖੁਲਾਸੇ ਕਰ ਦਿੱਤੇ। ਕੈਨੇਡਾ ਬਰੈਂਪਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਖਿਲਾਫ਼ ਜੋ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਹ ਬਿਲਕੁਲ ਝੂਠਾ ਹੈ। ਉਸਨੇ ਦੱਸਿਆ ਕਿ ਪ੍ਰਿੰਸਪਾਲ ਸਿੰਘ ਨਾਲ ਵਿਆਹ ਤੋਂ ਬਾਅਦ ਉਹ 2020 ਵਿਚ ਕੈਨੇਡਾ ਆ ਗਈ ਜਿੱਥੇ ਆ ਕੇ ਆਪਣੇ ਦਿਓਰ ਨਾਲ ਰਹਿੰਦੀ ਸੀ। 

ਉਸਨੇ ਦੱਸਿਆ ਕਿ ਉਸਦੇ ਦਿਓਰ ਦਾ ਵਿਵਹਾਰ ਉਸ ਨਾਲ ਬਿਲਕੁਲ ਵਧੀਆ ਨਹੀਂ ਸੀ ਜਿਸ ਕਾਰਨ ਉਹ ਅਲੱਗ ਰਹਿਣ ਲੱਗ ਪਈ। ਜਤਿੰਦਰ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਉਸ ’ਤੇ ਦਬਾਅ ਪਾ ਰਿਹਾ ਸੀ ਕਿ ਉਹ ਦਿਓਰ ਨਾਲ ਹੀ ਰਹੇ ਜਿਸ ਕਾਰਨ ਉਸਦਾ ਸਹੁਰੇ ਪਰਿਵਾਰ ਨਾਲ ਗਿਲ੍ਹੇ ਸ਼ਿਕਵੇ ਸ਼ੁਰੂ ਹੋ ਗਏ। ਜਤਿੰਦਰ ਕੌਰ ਨੇ ਕਿਹਾ ਕਿ ਜੇਕਰ ਉਸਨੇ ਆਪਣੇ ਪਤੀ ਨਾਲ ਧੋਖਾਧੜੀ ਕਰਨੀ ਹੁੰਦੀ ਤਾਂ ਉਹ ਉਸ ਨੂੰ ਕੈਨੇਡਾ ਬੁਲਾਉਣ ਲਈ ਫਾਈਲ ਕਿਉਂ ਲਗਵਾਉਂਦੀ। ਉਸਨੇ ਦੱਸਿਆ ਕਿ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਲਈ ਸਾਰੇ ਦਸਤਾਵੇਜ਼ ਭੇਜੇ।

ਜਤਿੰਦਰ ਕੌਰ ਨੇ ਸਹੁਰੇ ਪਰਿਵਾਰ ਵਲੋਂ ਲਗਾਏ ਇਹ ਵੀ ਦੋਸ਼ ਨਕਾਰੇ ਕਿ ਕੈਨੇਡਾ ਆਉਣ ਵੇਲੇ ਜੋ ਮੇਰੀ ਫਾਈਲ ਲੱਗੀ ਸੀ ਉਸ ਵਿਚ ਮੈਂ ਜਾਣਬੁੱਝ ਕੇ ਸਿੰਗਲ ਲਿਖਵਾਇਆ। ਉਸਨੇ ਕਿਹਾ ਕਿ ਫਾਈਲ ਮੇਰੇ ਸਹੁਰੇ ਪਰਿਵਾਰ ਨੇ ਲਗਵਾਈ ਸੀ ਤਾਂ ਉਸ ਵਿਚ ਮੈਂ ਕਿਵੇਂ ਸਿੰਗਲ ਲਿਖਵਾ ਸਕਦੀ ਹਾਂ। 

ਉਸਨੇ ਕਿਹਾ ਕਿ ਜਦੋਂ ਉਸਨੇ ਵਰਕ ਪਰਮਿਟ ਅਪਲਾਈ ਕਰਨਾ ਸੀ ਤਾਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਆਪਣੀ ਫਾਈਲ ਚੁੱਕ ਲਵੇ ਅਤੇ ਜਦੋਂ ਉਹ ਪੀ.ਆਰ ਹੋ ਜਾਵੇਗੀ ਤਾਂ ਉਸ ਨੂੰ ਕੈਨੇਡਾ ਬੁਲਾ ਲਵੇਗੀ। ਉਸਨੇ ਕਿਹਾ ਕਿ ਮੈਂ ਆਪਣੇ ਪਤੀ ਨੂੰ ਇਹ ਪੇਸ਼ਕਸ ਵੀ ਕੀਤੀ ਕਿ ਜੇਕਰ ਦਸਤਾਵੇਜ਼ਾਂ ਵਿਚ ਸਿੰਗਲ ਲਿਖਣ ਕਾਰਨ ਸਮੱਸਿਆ ਆ ਰਹੀ ਹੈ ਤਾਂ ਉਹ ਦੁਬਾਰਾ ਭਾਰਤ ਆ ਕੇ ਕੋਰਟ ਮੈਰਿਜ ਕਰਵਾਉਣ ਨੂੰ ਵੀ ਤਿਆਰ ਹੈ। 

ਜਤਿੰਦਰ ਕੌਰ ਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੇ ਖਾਤਿਆਂ ਵਿਚ 18 ਲੱਖ ਰੁਪਏ ਵੀ ਕੈਨੇਡਾ ਤੋਂ ਭੇਜੇ ਅਤੇ ਜੇਕਰ ਉਸਨੇ ਠੱਗੀ ਮਾਰਨੀ ਹੁੰਦੀ ਤਾਂ ਉਹ ਪੈਸੇ ਕਿਉਂ ਭੇਜਦੀ। ਖਾਤਿਆਂ ਵਿਚ ਪੈਸੇ ਭੇਜਣ ਸਬੰਧੀ ਉਸ ਕੋਲ ਸਬੂਤ ਵੀ ਹਨ। 

ਉਸਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਵਿਦੇਸ਼ ਕੈਨੇਡਾ ਭੇਜਣ ਲਈ 15 ਲੱਖ ਰੁਪਏ ਖਰਚ ਕੀਤੇ ਸਨ ਜਦਕਿ ਮੈਂ 18 ਲੱਖ ਰੁਪਏ ਇਨ੍ਹਾਂ ਨੂੰ ਭੇਜ ਚੁੱਕੀ ਹਾਂ ਅਤੇ ਉਹ ਹੈਰਾਨ ਹੈ ਕਿ ਮੇਰੇ ’ਤੇ 31 ਲੱਖ ਰੁਪਏ ਦੀ ਧੋਖਾਧੜੀ ਦਾ ਪਰਚਾ ਕਿਵੇਂ ਦਰਜ ਕਰ ਦਿੱਤਾ ਗਿਆ। ਜਤਿੰਦਰ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਮੇਰੇ ਦਿਓਰ ਦਾ ਇੱਕ ਦੋਸਤ ਉਸ ਕੋਲੋਂ ਪਾਸਪੋਰਟ ਤੇ ਅਸਲੀ ਦਸਤਾਵੇਜ਼ਾਂ ਦੀ ਮੰਗ ਕਰਦਾ ਰਿਹਾ ਕਿ ਤੇਰਾ ਵਰਕ ਪਰਮਿਟ ਅਪਲਾਈ ਕਰਨਾ ਹੈ ਜਿਸ ਲਈ ਮੈਂ ਰਜ਼ਾਮੰਦ ਨਹੀਂ ਹੋਈ। ਉਸ ਦਿਨ ਤੋਂ ਬਾਅਦ ਹੀ ਸਾਡੇ ਦੋਵੇਂ ਪਰਿਵਾਰਾਂ ਦਾ ਆਪਸੀ ਕਲੇਸ਼ ਵਧ ਗਿਆ। 

ਜਤਿੰਦਰ ਕੌਰ ਨੇ ਇਹ ਵੀ ਕਿਹਾ ਕਿ ਸਹੁਰੇ ਪਰਿਵਾਰ ਨੇ ਮੇਰੇ ’ਤੇ ਦੋਸ਼ ਲਗਾਇਆ ਕਿ ਮੈਂ ਆਪਣੇ ਪਤੀ ਨਾਲ ਗੱਲ ਨਹੀਂ ਕਰਦੀ ਸੀ ਤੇ ਉਸਨੂੰ ਫੋਨ ’ਚੋਂ ਬਲੌਕ ਕੀਤਾ ਸੀ। ਉਸਨੇ ਕਿਹਾ ਕਿ ਜਦੋਂ ਉਸਦਾ ਪਤੀ ਤੇ ਸਹੁਰਾ ਪਰਿਵਾਰ ਜਿਆਦਾ ਪ੍ਰੇਸ਼ਾਨ ਕਰਦੇ ਸਨ ਤਾਂ ਉਹ ਗੱਲ ਨਹੀਂ ਕਰਦੀ ਸੀ ਤੇ ਬਲੌਕ ਕਰ ਦਿੰਦੀ ਸੀ। ਜਤਿੰਦਰ ਕੌਰ ਨੇ ਕਿਹਾ ਕਿ 2020 ਤੋਂ ਲੈ ਕੇ 2024 ਤੱਕ ਜਿੰਨਾ ਵੀ ਉਸਨੇ ਕਮਾਇਆ, ਉਹ ਆਪਣੇ ਸਹੁਰੇ ਪਰਿਵਾਰ ਨੂੰ ਭੇਜਿਆ ਅਤੇ 12-12 ਘੰਟੇ ਸਿਫ਼ਟਾਂ ਲਗਾ ਕੇ ਸਖ਼ਤ ਮਿਹਨਤ ਕੀਤੀ। 

ਉਸਨੇ ਦੱਸਿਆ ਕਿ ਆਖਰੀ ਵਾਰ ਉਸਨੇ ਆਪਣੇ ਸਹੁਰੇ ਪਰਿਵਾਰ ਨੂੰ ਸਤੰਬਰ 2024 ਵਿਚ ਪੈਸੇ ਭੇਜੇ। ਉਸਨੇ ਦੱਸਿਆ ਕਿ ਸਹੁਰਾ ਪਰਿਵਾਰ ਲਗਾਤਾਰ ਉਸ ’ਤੇ ਵੱਖ ਵੱਖ ਥਾਵਾਂ ’ਤੇ ਸ਼ਿਕਾਇਤਾਂ ਦਰਜ ਕਰਵਾਉਂਦਾ ਸੀ ਅਤੇ ਮੈਨੂੰ ਤੇ ਮੇਰੇ ਮਾਪਿਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।

ਜਤਿੰਦਰ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਸਹੁਰੇ ਪਰਿਵਾਰ ਨੇ ਜੋ ਦੋਸ਼ ਲਗਾਇਆ ਕਿ ਮੈਂ ਤਲਾਕ ਭੇਜਿਆ ਉਹ ਬਿਲਕੁਲ ਝੂਠਾ ਹੈ। ਉਸਨੇ ਦੱਸਿਆ ਕਿ ਪਤੀ ਪ੍ਰਿੰਸਪਾਲ ਸਿੰਘ ਨੇ ਕਿਹਾ ਕਿ ਉਹ ਕੈਨੇਡਾ ਆਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਇਸ ਲਈ ਉਹ ਉਸ ਨੂੰ ਤਲਾਕ ਦੇ ਦਸਤਾਵੇਜ਼ ਭੇਜ ਦੇਵੇ। ਜਤਿੰਦਰ ਕੌਰ ਨੇ ਕਿਹਾ ਕਿ ਪਤੀ ਵਲੋਂ ਤਲਾਕ ਮੰਗਣ ਸਬੰਧੀ ਉਸ ਕੋਲ ਫੋਨ ’ਚ ਚੈਟ ਵੀ ਮੌਜੂਦ ਹੈ, ਇਸ ਲਈ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਜਤਿੰਦਰ ਕੌਰ ਨੇ ਕਿਹਾ ਕਿ ਪਤੀ ਨਾਲ ਕਲੇਸ਼ ਰਹਿਣ ਕਾਰਨ ਉਹ ਖੁਦ ਡਿਪ੍ਰੈਸ਼ਨ ਦੀ ਮਰੀਜ਼ ਹੋ ਗਈ ਹੈ ਜਿਸ ਲਈ ਮੇਰੀ ਦਵਾਈ ਵੀ ਚੱਲ ਰਹੀ ਹੈ। ਉਸਨੇ ਕਿਹਾ ਕਿ ਮੇਰੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਮਾਤਾ-ਪਿਤਾ ਖਿਲਾਫ਼ ਮੇਰਾ ਸਹੁਰਾ ਪਰਿਵਾਰ ਸ਼ਿਕਾਇਤਾਂ ਕਰ ਪ੍ਰੇਸ਼ਾਨ ਕਰ ਰਿਹਾ ਹੈ। ਉਸਨੇ ਕਿਹਾ ਕਿ ਮੇਰੇ ਪਿਤਾ ਬੇਹੱਦ ਨਾਜ਼ੁਕ ਹਾਲਤ ’ਚ ਹਨ। 

ਜਤਿੰਦਰ ਕੌਰ ਨੇ ਕਿਹਾ ਕਿ ਉਸਨੇ 31 ਲੱਖ ਰੁਪਏ ਦੀ ਠੱਗੀ ਮਾਰੀ ਹੁੰਦੀ ਤਾਂ ਉਹ ਆਪਣਾ ਘਰ ਨਾ ਸੰਵਾਰ ਲੈਂਦੀ ਅਤੇ ਆਪਣੇ ਪਿਤਾ ਦਾ ਇਲਾਜ ਨਾ ਕਰਵਾ ਲੈਂਦੀ। ਉਸਨੇ ਕਿਹਾ ਕਿ ਮੇਰੇ ਅਤੇ ਮੇਰੇ ਮਾਤਾ ਪਿਤਾ ਖਿਲਾਫ਼ ਜੋ ਮੇਰਾ ਸਹੁਰਾ ਪਰਿਵਾਰ ਝੂਠ ਬੋਲ ਕੇ ਕੂਡ ਪ੍ਰਚਾਰ ਕਰ ਰਿਹਾ ਅਤੇ ਮੇਰੇ ’ਤੇ ਝੂਠਾ ਪਰਚਾ ਦਰਜ ਕਰਵਾਇਆ ਹੈ ਜਿਸ ਸਬੰਧੀ ਮੈਂ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੀ ਹਾਂ।

 

Trending news