Trending Photos
Khanna News: ਖੰਨਾ ਵਿੱਚ ਬੈਂਕਾਂ ਦੇ ਬਾਹਰ ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਭੋਲੇ ਭਾਲੇ ਲੋਕਾਂ ਨੂੰ ਝਾਂਸਾ ਦੇ ਕੇ ਕਾਰਡ ਬਦਲਣ ਅਤੇ ਫਿਰ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਤਿੰਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਕਬਜ਼ੇ ਵਿੱਚੋਂ 56 ਏਟੀਐਮ ਕਾਰਡ ਬਰਾਮਦ ਕੀਤੇ ਗਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਨੇ ਏਟੀਐਮ ਹੈਕ ਕਰਕੇ ਬੈਂਕਾਂ ਨਾਲ ਵੀ ਧੋਖਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਜ਼ਾਹਿਦ (28), ਮੁਹੰਮਦ ਅੰਸਾਰ (34) ਵਾਸੀ ਪਿੰਡ ਗਡਾਵਾਲੀ, ਜ਼ਿਲ੍ਹਾ ਪਲਵਰ, ਹਰਿਆਣਾ ਅਤੇ ਮੁਹੰਮਦ ਯੂਸਫ਼ (33) ਵਾਸੀ ਪਿੰਡ ਰੂਪਾਹੇੜੀ, ਜ਼ਿਲ੍ਹਾ ਮੇਵਾਤ ਵਜੋਂ ਹੋਈ ਹੈ।
5 ਰਾਜਾਂ ਵਿੱਚ ਸਰਗਰਮ ਸੀ ਗਿਰੋਹ
ਡੀਐਸਪੀ (ਜਾਂਚ) ਸੁੱਖ ਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਐਸਐਸਪੀ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ''ਤੇ ਪੁਲਿਸ ਪਾਰਟੀ ਅਪਰਾਧਿਕ ਤੱਤਾਂ ਵਿਰੁੱਧ ਮੁਹਿੰਮ ਦੇ ਤਹਿਤ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਨੂੰ ਇੱਕ ਮੁਖਬਰ ਨੇ ਸੂਚਿਤ ਕੀਤਾ ਕਿ ਉਪਰੋਕਤ ਤਿੰਨੋਂ ਦੋਸ਼ੀ, ਜੋ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਵਿੱਚ ਭੋਲੇ ਭਾਲੇ ਲੋਕਾਂ, ਖਾਸ ਕਰਕੇ ਬਜ਼ੁਰਗਾਂ ਦੇ ਏਟੀਐਮ ਕਾਰਡ ਬਦਲਦੇ ਹਨ ਅਤੇ ਪੈਸੇ ਕਢਵਾਉਂਦੇ ਹਨ।
ਅੱਜ ਉਹ ਖੰਨਾ ਵਿਖੇ ਲੋਕਾਂ ਨੂੰ ਧੋਖਾ ਦੇਣ ਦੇ ਇਰਾਦੇ ਨਾਲ ਇੱਕ ਕਾਲੇ ਰੰਗ ਦੀ ਵੈਨਿਊ ਕਾਰ ਵਿੱਚ ਘੁੰਮ ਰਹੇ ਹਨ। ਪੁਲਿਸ ਨੇ ਰਤਨਹੇੜੀ ਰੇਲਵੇ ਫਾਟਕ ਨੇੜੇ ਨਾਕਾਬੰਦੀ ਕੀਤੀ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਵੈਨਿਊ ਕਾਰ ਵਿੱਚ ਸਵਾਰ ਸਨ। ਉਨ੍ਹਾਂ ਤੋਂ 10 ਬੈਂਕਾਂ ਦੇ 56 ਏਟੀਐਮ ਬਰਾਮਦ ਕੀਤੇ ਗਏ।
ਇਸ ਤਰ੍ਹਾਂ ਮਾਰਦੇ ਸੀ ਠੱਗੀ
ਡੀਐਸਪੀ ਸੁੱਖ ਅੰਮ੍ਰਿਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਗਿਰੋਹ ਬਹੁਤ ਹੀ ਸ਼ਾਤਿਰ ਕਿਸਮ ਦਾ ਹੈ। ਪਹਿਲਾਂ ਉਹ ਬੈਂਕਾਂ ਦੇ ਬਾਹਰ ਏਟੀਐਮ ਤੋਂ ਪੈਸੇ ਕਢਵਾਉਣ ਆਏ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਖਾਸ ਕਰਕੇ ਬਜ਼ੁਰਗਾਂ ਅਤੇ ਔਰਤਾਂ ਤੋਂ ਏਟੀਐਮ ਕਾਰਡ ਬਦਲਦੇ ਸਨ। ਫਿਰ ਇਨ੍ਹਾਂ ਏਟੀਐਮ ਤੋਂ ਪੈਸੇ ਕਢਵਾ ਲੈਂਦੇ ਸੀ। ਉਹ ਟਰਾਂਜੈਕਸ਼ਨ ਦੌਰਾਨ ਏਟੀਐਮ ਮਸ਼ੀਨ ਨੂੰ ਰੋਕ ਦਿੰਦੇ ਸਨ। ਫਿਰ ਉਹ ਬੈਂਕ ਵਿੱਚ ਸ਼ਿਕਾਇਤ ਕਰਦੇ ਸਨ ਅਤੇ ਉੱਥੋਂ ਵੀ ਪੈਸੇ ਲੈ ਲੈਂਦੇ ਸਨ।
ਡੀਐਸਪੀ ਨੇ ਦੱਸਿਆ ਕਿ ਮੁਹੰਮਦ ਜ਼ਾਹਿਦ ਖ਼ਿਲਾਫ਼ ਯਮੁਨਾਨਗਰ ਵਿੱਚ 2, ਪਾਣੀਪਤ ਵਿੱਚ 1, ਗੁਡਾਵਾਲੀ ਵਿੱਚ 1 ਅਤੇ ਗੁੜਗਾਓਂ ਵਿੱਚ 4 ਮਾਮਲੇ ਦਰਜ ਹਨ। ਮੁਹੰਮਦ ਅੰਸਾਰ ਵਿਰੁੱਧ ਯਮੁਨਾਨਗਰ ਵਿੱਚ 2, ਪਾਣੀਪਤ ਵਿੱਚ 1 ਅਤੇ ਗੁਡਾਵਾਲੀ ਵਿੱਚ 1 ਕੇਸ ਦਰਜ ਹੈ। ਮੁਹੰਮਦ ਯੂਸਫ਼ ਖ਼ਿਲਾਫ਼ ਜੰਮੂ ਵਿੱਚ 4, ਯਮੁਨਾਨਗਰ ਵਿੱਚ 1 ਅਤੇ ਰਾਜਸਥਾਨ ਵਿੱਚ 3 ਮਾਮਲੇ ਦਰਜ ਹਨ।