Sri Anandpur Weather: ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਕੜਾਕੇ ਦੀ ਪੈ ਰਹੀ ਠੰਡ ਤੇ ਧੁੰਦ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
Trending Photos
Sri Anandpur Weather (ਬਿਮਲ ਸ਼ਰਮਾ): ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਕੜਾਕੇ ਦੀ ਪੈ ਰਹੀ ਠੰਡ ਤੇ ਧੁੰਦ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਹਾਈਵੇ ਉੱਤੇ ਚੱਲਣ ਵਾਲੇ ਵਾਹਨਾਂ ਦੀ ਰਫਤਾਰ ਹੌਲੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਰੇਲਗੱਡੀਆਂ ਵੀ ਮਿਥੇ ਸਮੇਂ ਤੋਂ ਲੇਟ ਨਜ਼ਰ ਆ ਰਹੀਆਂ ਹਨ।
ਖਾਸ ਤੌਰ ਉਤੇ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ 8 ਜਨਵਰੀ ਤੋਂ ਸਾਰੇ ਸਕੂਲ ਲੱਗ ਚੁੱਕੇ ਹਨ ਪਰ ਕਈ ਸੂਬਿਆਂ ਵਿੱਚ ਇਸ ਧੁੰਦ ਤੇ ਠੰਢ ਦੇ ਕਾਰਨ ਛੁੱਟੀਆਂ ਵਧਾ ਜ਼ਰੂਰ ਦਿੱਤੀਆਂ ਗਈਆਂ ਹਨ ਪਰ ਪੰਜਾਬ ਵਿੱਚ ਛੁੱਟੀਆਂ ਵਿੱਚ ਵਾਧਾ ਨਹੀਂ ਕੀਤਾ ਗਿਆ। ਹਾਲਾਂਕਿ ਕਈ ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਛੁੱਟੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸਕੂਲ ਦੇ ਸਮੇਂ ਵਿੱਚ ਤਬਦੀਲੀ ਜ਼ਰੂਰ ਕੀਤੀ ਜਾਵੇ ਤਾਂ ਜੋ ਬੱਚੇ ਸੁਰੱਖਿਅਤ ਰਹਿਣ।
ਸੰਘਣੀ ਧੁੰਦ 'ਚ ਗੱਡੀ ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ-
ਲੋਅ ਬੀਮ 'ਤੇ ਰੱਖੋ ਹੈਡਲਾਈਟਾਂ
ਵਾਹਨ ਦੀਆਂ ਹੈੱਡਲਾਈਟਾਂ ਨੂੰ ਉਪਰ ਦੀ ਬਜਾਏ ਲੋਅ ਬੀਮ ਉਪਰ ਹੀ ਰੱਖੋ। ਅਜਿਹੀ ਸਥਿਤੀ 'ਚ ਤੁਹਾਨੂੰ ਸਾਹਮਣੇ ਤੋਂ ਆਉਂਦੀ ਗੱਡੀ ਸਾਫ਼ ਦਿਖਾਈ ਦੇਵੇਗੀ। ਇਸ ਕਾਰਨ ਸੰਘਣੀ ਧੁੰਦ ਵਿੱਚ ਹਾਦਸੇ ਤੋਂ ਬਚਿਆ ਜਾ ਸਕਦਾ ਹੈ।
ਲਾਈਨ 'ਚ ਚਲਾਓ ਵਾਹਨ
ਜੇਕਰ ਧੁੰਦ ਸੰਘਣੀ ਹੈ ਤਾਂ ਸੜਕ ਦੇ ਖੱਬੇ ਪਾਸੇ ਵੱਲ ਦੇਖ ਕੇ ਗੱਡੀ ਚਲਾਓ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਡੀ ਗੱਡੀ ਬਿਨਾਂ ਕਿਸੇ ਭਟਕਣ ਦੇ ਇੱਕ ਸਿੱਧੀ ਲਾਈਨ ਵਿੱਚ ਚਲਦੀ ਰਹੇਗੀ। ਜ਼ਿਆਦਾ ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ। ਲਾਈਨ ਵਿੱਚ ਵਾਹਨ ਚਲਾਓ ਤਾਂ ਕਿ ਸਾਹਮਣੇ ਤੋਂ ਆਉਣ ਵਾਲੀ ਗੱਡੀ ਨੂੰ ਕੋਈ ਦਿੱਕਤ ਨਾ ਆਵੇ।
ਯੈਲੋ ਲਾਈਟ ਦੀ ਕਰੋ ਪਾਲਣਾ
ਵਾਹਨ ਚਲਾਉਣ ਵਾਲੇ ਡਰਾਈਵਰ ਦੀ ਸਹੂਲਤ ਲਈ ਸੜਕਾਂ 'ਤੇ ਪੀਲੀਆਂ ਬੱਤੀਆਂ (ਰਿਫੈਲਕਟਰ) ਲਗਾਈਆਂ ਗਈਆਂ ਹਨ। ਤੁਸੀਂ ਇਸ ਦੀ ਪਾਲਣਾ ਜ਼ਰੂਰ ਕਰੋ। ਇਸ ਦੀ ਮਦਦ ਨਾਲ ਤੁਸੀਂ ਧੁੰਦ 'ਚ ਵੀ ਆਸਾਨੀ ਨਾਲ ਗੱਡੀ ਚਲਾ ਸਕਦੇ ਹੋ।
ਦੂਰੀ ਦਾ ਰੱਖੋ ਖ਼ਾਸ ਧਿਆਨ
ਧੁੰਦ ਵਿੱਚ ਦੁਰਘਟਨਾ ਤੋਂ ਬਚਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਸਾਹਮਣੇ ਵਾਲੇ ਵਾਹਨ ਤੋਂ ਇੱਕ ਨਿਸ਼ਚਿਤ ਦੂਰੀ ਬਣਾਈ ਰੱਖੋ। ਅਸਲ ਵਿੱਚ ਧੁੰਦ ਵਿੱਚ ਸੜਕਾਂ ਗਿੱਲੀਆਂ ਹੋ ਜਾਂਦੀਆਂ ਹਨ। ਇਸ ਲਈ ਇਹ ਸੰਭਵ ਹੈ ਕਿ ਜਦੋਂ ਤੱਕ ਤੁਸੀਂ ਬ੍ਰੇਕ ਲਗਾਉਂਦੇ ਹੋ, ਤੁਹਾਡੀ ਗੱਡੀ ਕਿਸੇ ਹੋਰ ਵਾਹਨ ਨਾਲ ਟਕਰਾ ਸਕਦੀ ਹੈ। ਇਸ ਲਈ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਇੰਡੀਕੇਟਰ ਸਮੇਂ ਉਪਰ ਦਿਓ
ਜੇਕਰ ਤੁਸੀਂ ਵਾਹਨ ਨੂੰ ਕਿਤੇ ਮੋੜਨਾ ਹੈ ਤਾਂ ਉਸ ਲਈ ਪਹਿਲਾਂ ਤੋਂ ਇੰਡੀਕੇਟਰ ਸਹੀ ਦਿਸ਼ਾ ਵਿੱਚ ਦੇਣਾ ਸ਼ੁਰੂ ਕਰ ਦਿਓ। ਬਿਲਕੁਲ ਮੋੜ ਕੋਲ ਆ ਕੇ ਇੰਡੀਕੇਟਰ ਨਾ ਜਗਾਓ। ਪਰ ਮੁੜਨ ਤੋਂ ਪਹਿਲਾਂ ਕੁਝ ਦੂਰੀ ਉਪਰ ਇੰਡੀਕੇਟਰ ਜ਼ਰੂਰ ਦਵੋ।
ਫੌਗ ਲਾਈਟਾਂ ਦੀ ਮਦਦ ਲਓ
ਸੰਘਣੀ ਧੁੰਦ ਵਿੱਚ ਹੈੱਡਲਾਈਟਾਂ ਦੇ ਨਾਲ ਫੌਗ ਦੀਆਂ ਲਾਈਟਾਂ ਨੂੰ ਚਾਲੂ ਕਰਨਾ ਨਾ ਭੁੱਲੋ। ਇਹ ਧੁੰਦ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਕੁਝ ਲੋਕ ਧੁੰਦ ਵਿੱਚ ਫੌਗ ਲਾਈਟਾਂ ਦਾ ਹੀ ਸਹਾਰਾ ਲੈਂਦੇ ਹਨ। ਇਹ ਵੀ ਗਲਤ ਹੈ। ਫੋਗ ਲਾਈਟਾਂ ਦੂਰੋਂ ਆਉਣ ਵਾਲੇ ਲੋਕਾਂ ਨੂੰ ਦਿਖਾਈ ਨਹੀਂ ਦਿੰਦੀਆਂ। ਇਸ ਲਈ ਸਿਰਫ ਹੈੱਡਲਾਈਟਾਂ ਨੂੰ ਬੰਦ ਕਰਕੇ ਫੌਗ ਲਾਈਟਾਂ ਨਾਲ ਹੀ ਕੰਮ ਨਾ ਚਲਾਓ।