ਸੋਮਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਇਸ ਸਬੰਧੀ ਜਾਂਚ ਆਰੰਭ ਦਿੱਤੀ ਹੈ।
Trending Photos
Batala News: ਬਟਾਲਾ ਦੇ ਪਿੰਡ ਸਦਰੰਗ 'ਚ ਸੋਮਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਰਪੰਚ ਦੀ ਪਛਾਣ ਬਲਜੀਤ ਸਿੰਘ (48)ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ। ਬਲਜੀਤ ਸਿੰਘ ਉਪਰ ਪਿੰਡ ਅੱਡਾ ਤੋਂ ਰਸਤੇ 'ਚ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ 'ਤੇ ਕਿਰਪਾਨ ਵਰਗੇ ਤੇਜ਼ਧਾਰ ਹਥਿਆਰ ਨਾਲ ਪਿਛਲੇ ਪਾਸਿਓਂ ਹਮਲਾ ਕਰ ਦਿੱਤਾ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਬਲਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਅੱਜ ਸਵੇਰੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਮਲੇ ਦੀ ਸੂਚਨਾ ਥਾਣਾ ਰੰਗੜ ਨੰਗਲ ਨੂੰ ਦਿੱਤੀ ਗਈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਮ੍ਰਿਤਕ ਸਰਪੰਚ ਦੇ ਭਰਾ ਗੁਰਮੀਤ ਸਿੰਘ ਲੱਕੀ ਨੇ ਦੱਸਿਆ ਕਿ ਬਲਜੀਤ ਸੋਮਵਾਰ ਸ਼ਾਮ ਨੂੰ ਆਪਣਾ ਕੰਮ ਖਤਮ ਕਰਕੇ ਘਰ ਵੱਲ ਜਾ ਰਿਹਾ ਸੀ। ਉਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਪਿੱਛਿਓਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਦੋਂ ਰਾਹਗੀਰਾਂ ਨੇ ਪਰਿਵਾਰ ਨੂੰ ਕਤਲ ਦੀ ਸੂਚਨਾ ਦਿੱਤੀ ਤਾਂ ਬਲਜੀਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : Independence Day 2023: CM ਭਗਵੰਤ ਮਾਨ ਅੱਜ ਪਟਿਆਲਾ 'ਚ ਲਹਿਰਾਉਣਗੇ ਤਿਰੰਗਾ, ਟਵੀਟ ਕਰ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਸੀਆਈਏ ਟੀਮਾਂ ਜਾਂਚ ਲਈ ਮੌਕੇ 'ਤੇ ਪਹੁੰਚ ਗਈਆਂ ਸਨ। ਸਭ ਤੋਂ ਪਹਿਲਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਥਾਣਾ ਰਾਗੜ ਨੰਗਲ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਕਤਲ ਦਾ ਕਾਰਨ ਕੀ ਹੈ, ਇਹ ਤਾਂ ਗ੍ਰਿਫਤਾਰੀ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।