Punjab Weather Updates: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
Trending Photos
Punjab Weather Updates: ਸ਼ਨਿੱਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਹਾਈਵੇ ਉਤੇ ਚਾਲਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਦਿਸਣ ਹੱਦ ਬਹੁਤ ਘੱਟ ਹੋਣ ਕਾਰਨ ਸੜਕਾਂ ਉਤੇ ਵਾਹਨਾਂ ਦੀ ਰਫਤਾਰ ਬਿਲਕੁਲ ਹੌਲੀ ਹੋ ਗਈ। ਇਸ ਤੋਂ ਇਲਾਵਾ ਕੜਾਕੇ ਦੀ ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈਂਦੇ ਹੋਏ ਨਜ਼ਰ ਆਏ। ਸੰਘਣੀ ਧੁੰਦ ਕਾਰਨ ਹਵਾਈ ਅਤੇ ਰੇਲਵੇ ਸੇਵਾ ਵੀ ਪ੍ਰਭਾਵਿਤ ਹੋ ਰਹੀ ਹੈ।
ਪੰਜਾਬ ਵਿੱਚ ਅੱਜ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੇ ਨਾਲ-ਨਾਲ ਕਈ ਇਲਾਕਿਆਂ 'ਚ ਸੀਤ ਲਹਿਰ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। 48 ਘੰਟਿਆਂ ਦੇ ਖੁਸ਼ਕ ਮੌਸਮ ਤੋਂ ਬਾਅਦ ਕੱਲ੍ਹ ਦੁਪਹਿਰ ਨੂੰ ਸੂਰਜ ਨਿਕਲਿਆ। ਤਾਪਮਾਨ 'ਚ ਕਰੀਬ 1 ਡਿਗਰੀ ਦਾ ਵਾਧਾ ਹੋਣ ਨਾਲ ਲੋਕਾਂ ਨੂੰ ਸੀਤ ਲਹਿਰ ਤੋਂ ਥੋੜ੍ਹੀ ਰਾਹਤ ਮਿਲੀ ਹੈ। ਪਰ ਸੂਬੇ ਦਾ ਤਾਪਮਾਨ ਅਜੇ ਵੀ 20 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 48 ਘੰਟਿਆਂ 'ਚ ਪੰਜਾਬ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਪਰ ਇਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
10 ਜ਼ਿਲ੍ਹਿਆਂ ਵਿੱਚ ਧੂੰਏਂ ਨੂੰ ਲੈ ਕੇ ਆਰੇਂਜ ਅਲਰਟ- ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਧੁੰਦ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
11 ਜ਼ਿਲ੍ਹਿਆਂ 'ਚ ਕੋਲਡ ਵੇਵ ਅਲਰਟ ਜਾਰੀ
ਪੰਜਾਬ ਦੇ 11 ਜ਼ਿਲਿਆਂ 'ਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਮਾਨਸਾ ਅਤੇ ਬਰਨਾਲਾ ਵਿੱਚ ਸੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਹੈ। ਇਸ ਦੇ ਨਾਲ ਹੀ ਰੂਪਨਗਰ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫ਼ਿਰੋਜ਼ਪੁਰ, ਨਵਾਂਸ਼ਹਿਰ, ਹੁਸ਼ਿਆਰਪੁਰ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
21-22 ਜਨਵਰੀ ਨੂੰ ਬੱਦਲ ਵਰ੍ਹ ਸਕਦੇ
ਪੰਜਾਬ ਵਿੱਚ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 18 ਜਨਵਰੀ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਜਿਸ ਦਾ ਅਸਰ ਪਹਾੜੀ ਇਲਾਕਿਆਂ ਵਿੱਚ 19 ਜਨਵਰੀ ਤੋਂ ਦੇਖਣ ਨੂੰ ਮਿਲੇਗਾ। ਪਰ 21 ਅਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।